ਵਿੰਡੀਜ਼ ਨਾਲ ਦੂਜਾ ਟੀ-20 ਮੈਚ ਅੱਜ; ਭਾਰਤੀ ਕ੍ਰਿਕਟ ਟੀਮ ਲਖਨਊ ਪੁੱਜੀ

ਲਖਨਊ – ਟੈਸਟ ਅਤੇ ਇੱਕ ਰੋਜ਼ਾ ਵਿੱਚ ਦਬਦਬਾ ਕਾਇਮ ਰੱਖਣ ਮਗਰੋਂ ਆਪਣੇ ਵਿਰੋਧੀ ਨੂੰ ਉਸ ਦੇ ਹਰਮਨਪਿਆਰੇ ਕ੍ਰਿਕਟ ਦੇ ਛੋਟੇ ਰੂਪ ਦੇ ਪਹਿਲੇ ਮੈਚ ਵਿੱਚ ਤਕੜੀ ਹਾਰ ਦੇਣ ਵਾਲੀ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਆਪਣੀ ਜਿੱਤ ਨਾਲ ਲੀਡ ਬਣਾ ਕੇ ਆਪਣੇ ਦਰਸ਼ਕਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਣ ਦੀ ਕੋਸ਼ਿਸ਼ ਕਰੇਗਾ। ਭਾਰਤ ਦਾ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਵਿੱਚ ਚਾਰ ਮੈਚਾਂ ਵਿੱਚ ਹਾਰ ਦਾ ਕ੍ਰਮ ਐਤਵਾਰ ਨੂੰ ਕੋਲਕਾਤਾ ਵਿੱਚ ਟੁੱਟ ਗਿਆ ਸੀ। ਵੈਸਟ ਇੰਡੀਜ਼ ਲਈ ਇਹ ਦੌਰਾ ਹੁਣ ਤੱਕ ਚੰਗਾ ਨਹੀਂ ਰਿਹਾ ਅਤੇ ਅਜਿਹੇ ਵਿੱਚ ਦੂਜੇ ਮੈਚ ਵਿੱਚ ਵੀ ਭਾਰਤ ਜਿੱਤ ਦੇ ਮਜ਼ਬੂਤ ਦਾਅਵੇਦਾਰ ਵਜੋਂ ਮੈਦਾਨ ’ਤੇ ਉਤਰੇਗਾ। ਦੂਜੇ ਟੀ-20 ਮੈਚ ਲਈ ਦੋਵੇਂ ਟੀਮਾਂ ਅੱਜ ਇੱਥੇ ਪਹੁੰਚ ਗਈਆਂ ਹਨ। ਭਾਰਤ ਨੇ ਐਤਵਾਰ ਨੂੰ ਜਿੱਤ ਤੋਂ ਪਹਿਲਾਂ ਵੈਸਟ ਇੰਡੀਜ਼ ਖ਼ਿਲਾਫ਼ ਆਖ਼ਰੀ ਜਿੱਤ 23 ਮਾਰਚ 2014 ਨੂੰ ਬੰਗਲਾਦੇਸ਼ ਵਿੱਚ ਵਿਸ਼ਵ ਟੀ-20 ਦੌਰਾਨ ਦਰਜ ਕੀਤੀ ਸੀ। ਈਡਨ ਗਾਰਡਨਜ਼ ਵਿੱਚ ਪੰਜ ਵਿਕਟਾਂ ਨਾਲ ਜਿੱਤ ਮਗਰੋਂ ਭਾਰਤ ਨੇ ਮੌਜੂਦਾ ਵਿਸ਼ਵ ਚੈਂਪੀਅਨ ਖ਼ਿਲਾਫ਼ ਜਿੱਤ-ਹਾਰ ਦੇ ਆਪਣੇ ਰਿਕਾਰਡ ਨੂੰ 5-3 ਕਰ ਲਿਆ ਹੈ। ਈਡਨ ਗਾਰਡਨਜ਼ ਵਿੱਚ ਭਾਰਤ ਨੂੰ ਟੀਚੇ ਦਾ ਪਿੱਛਾ ਕਰਦਿਆਂ ਕਾਫੀ ਜੂਝਣਾ ਪਿਆ, ਪਰ ਵਿਰਾਟ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਇਸ ਤਰ੍ਹਾਂ ਦੀ ਜਿੱਤ ਮਾਅਨੇ ਰੱਖਦੀ ਹੈ। ਇਹ ਪਹਿਲਾ ਟੀ-20 ਸੀ, ਜਿਸ ਵਿੱਚ ਮਹਿੰਦਰ ਸਿੰਘ ਧੋਨੀ ਨਹੀਂ ਖੇਡਿਆ, ਕਿਉਂਕਿ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦੋ ਵਾਰ ਦਾ ਵਿਸ਼ਵ ਕੱਪ ਜੇਤੂ ਧੋਨੀ ਚਾਹੇ ਵਿਕਟ ਦੇ ਅੱਗੇ ਕੋਈ ਕਮਾਲ ਨਹੀਂ ਵਿਖਾ ਸਕਿਆ, ਪਰ ਵਿਕਟ ਪਿਛਲੀ ਉਸ ਦੀ ਮੁਹਾਰਤਾ ਹੁਣ ਵੀ ਟੀਮ ਲਈ ਮਹੱਤਤਾ ਰੱਖਦੀ ਹੈ। ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਟੀਮ ਦੀ ਅਗਵਾਈ ਕਰ ਰਿਹਾ ਰੋਹਿਤ ਸ਼ਰਮਾ ਪਹਿਲੇ ਮੈਚ ਵਿੱਚ ਅਸਫਲ ਰਿਹਾ ਅਤੇ ਉਹ ਇੱਥੋਂ ਦੇ ਇਕਾਨਾ ਕੌਮਾਂਤਰੀ ਸਟੇਡੀਅਮ ਵਿੱਚ ਇਸ ਦੀ ਭਰਪਾਈ ਕਰਨਾ ਚਾਹੇਗਾ। ਇਸ ਸਟੇਡੀਅਮ ਵਿੱਚ ਇਹ ਪਹਿਲਾ ਕੌਮਾਂਤਰੀ ਮੈਚ ਵੀ ਹੋਵੇਗਾ। ਰੋਹਿਤ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ, ਕੇਐਲ ਰਾਹੁਲ, ਰਿਸ਼ਭ ਪੰਤ ਅਤੇ ਮਨੀਸ਼ ਪਾਂਡੇ ਵੀ ਪਹਿਲੇ ਮੈਚ ਵਿੱਚ ਅਸਫਲ ਰਿਹਾ ਸੀ। ਦਿਨੇਸ਼ ਕਾਰਤਿਕ ਦੀ 34 ਗੇਂਦਾਂ ’ਤੇ ਨਾਬਾਦ 31 ਦੌੜਾਂ ਦੀ ਜ਼ਿੰਮੇਵਾਰੀ ਵਾਲੀ ਪਾਰੀ ਅਤੇ ਕਰੁਣਾਲ ਪੰਡਿਆ ਦੀਆਂ ਨੌਂ ਗੇਂਦਾਂ ’ਤੇ ਬਣਾਈਆਂ ਗਈਆਂ ਨਾਬਾਦ 21 ਦੌੜਾਂ ਨਾਲ ਭਾਰਤ ਨੇ 17.5 ਓਵਰਾਂ ਵਿੱਚ 110 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਸੀ। ਹਾਲਾਂਕਿ ਲਖਨਊ ਦੇ ਪ੍ਰਸ਼ੰਸਕ ਦੀਵਾਲੀ ਤੋਂ ਪਹਿਲਾਂ ਬੱਲੇਬਾਜ਼ਾਂ ਦੇ ਚੌਕਿਆਂ ਛੱਕਿਆਂ ਦਾ ਧੂੰਆਂਧਾਰ ਪ੍ਰਦਰਸ਼ਨ ਵੇਖਣਾ ਚਾਹੁਣਗੇ। ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ, ਪੰਡਿਆ ਅਤੇ ਖਲੀਲ ਅਹਿਮਦ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਉਮੇਸ਼ ਯਾਦਵ ਅਤੇ ਜਸਪ੍ਰੀਤ ਬਮਰਾਹ ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਰਹੇਗੀ।

VIA PUNJAB