ਵ੍ਹਾਈਟ ਹਾਊਸ ਵੱਲੋਂ ਸ਼ੱਟਡਾਊਨ ਖ਼ਤਮ ਕਰਨ ਬਾਰੇ ਡੈਮੋਕਰੇਟਾਂ ਦੀ ਯੋਜਨਾ ਰੱਦ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਮੁੱਖ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਵੱਲੋਂ ਸੰਘੀ ਸਰਕਾਰ ਦੇ ਕੰਮਕਾਜ ’ਤੇ ਲੱਗੀ ਆਰਜ਼ੀ ਤਾਲਾਬੰਦੀ (ਸ਼ੱਟਡਾਊਨ) ਖ਼ਤਮ ਕਰਾਉਣ ਲਈ ਰੱਖੀ ਤਜਵੀਜ਼ ਰੱਦ ਕਰ ਦਿੱਤੀ ਹੈ। ਵ੍ਹਾਈਟ ਹਾਊਸ ਨੇ ਸਾਫ਼ ਕਰ ਦਿੱਤਾ ਕਿ ਅਜਿਹੀ ਕਿਸੇ ਵੀ ਯੋਜਨਾ ਜਿਸ ਵਿੱਚ ਅਮਰੀਕੀ ਸਦਰ ਡੋਨਲਡ ਟਰੰਪ ਦੇ ਕੰਧ ਦੀ ਉਸਾਰੀ ਸਬੰਧੀ ਚੋਣ ਵਾਅਦੇ ਲਈ ਫੰਡ ਵਿਵਸਥਾ ਦੀ ਕੋਈ ਤਜਵੀਜ਼ ਨਹੀਂ ਹੋਵੇਗੀ, ਉਹ ਅੱਗੇ ਨਹੀਂ ਤੁਰ ਸਕਦੀ। ਉਧਰ ਟਰੰਪ ਨੇ ਪਿਛਲੇ ਦਸ ਦਿਨ ਤੋਂ ਚੱਲ ਰਹੀ ਇਸ ਆਰਜ਼ੀ ਤਾਲਾਬੰਦੀ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਸਿਖਰਲੇ ਰਿਪਬਲਿਕਨ ਤੇ ਡੈਮੋਕਰੇਟ ਆਗੂਆਂ ਨੂੰ ਸੱਦਾ ਭੇਜਿਆ ਹੈ ਤਾਂ ਕਿ ਉਹ ਉਨ੍ਹਾਂ ਨੂੰ ਸਰਹੱਦੀ ਸੁਰੱਖਿਆ ਸਬੰਧੀ ਸੰਖੇਪ ਜਾਣਕਾਰੀ ਦੇ ਸਕਣ। ਕਾਬਿਲੇਗੌਰ ਹੈ ਕਿ ਲੰਘੀ 22 ਦਸੰਬਰ ਤੋਂ ਚੱਲ ਰਹੀ ਇਸ ਆਰਜ਼ੀ ਤਾਲਾਬੰਦੀ ਕਰਕੇ ਅੱਠ ਲੱਖ ਦੇ ਕਰੀਬ ਸੰਘੀ ਮੁਲਾਜ਼ਮ ਅਸਰਅੰਦਾਜ਼ ਹੋਏ ਹਨ। ਇਹ ਕਾਮੇ ਜਾਂ ਤਾਂ ਫਰਲੋ ਮਾਰਨ ਲਈ ਮਜਬੂਰ ਹਨ ਜਾਂ ਫ਼ਿਰ ਉਨ੍ਹਾਂ ਨੂੰ ਬਿਨਾਂ ਤਨਖਾਹਾਂ ਤੋਂ ਕੰਮ ਕਰਨਾ ਪੈ ਰਿਹਾ ਹੈ। ਭਲਕੇ ਤਿੰਨ ਜਨਵਰੀ ਤੋਂ ਜੁੜਨ ਵਾਲੇ ਨੁਮਾਇੰਦਾ ਸਦਨ ਤੋਂ ਪਹਿਲਾਂ ਮਨੋਨੀਤ ਸਪੀਕਰ ਨੈਨਸੀ ਪੈਲੋਸੀ ਨੇ ਸਰਕਾਰੀ ਤਾਲਾਬੰਦੀ ਨੂੰ ਖ਼ਤਮ ਕਰਨ ਲਈ ਤਜਵੀਜ਼ ਰੱਖੀ ਸੀ, ਜਿਸ ਨਾਲ ਹੋਮਲੈਂਡ ਸਕਿਓਰਿਟੀ ਵਿਭਾਗ ਨੂੰ ਛੱਡ ਕੇ ਹੋਰਨਾਂ ਸਾਰੀਆਂ ਸਰਕਾਰੀ ਏਜੰਸੀਆਂ ਲਈ ਫੰਡਿੰਗ ਦਾ ਰਾਹ ਖੁੱਲ੍ਹ ਜਾਂਦਾ, ਪਰ ਵ੍ਹਾਈਟ ਹਾਊਸ ਨੇ ਇਸ ਤਜਵੀਜ਼ ਨੂੰ ਖਾਰਜ ਕਰ ਦਿੱਤਾ।

VIA PUNJAB