ਸ਼ੁਲਭ ਸ਼ੌਚਾਲਿਆਂ ਦੇ ਕਾਮਿਆਂ ਨੇ ਨਿਗਮ ਦੇ ਕੌਂਸਲਰ ਤੇ ਲਗਾਏ ਧੱਕੇਸ਼ਾਹੀ ਕਰਨ ਅਤੇ ਬੇਇੱਜਤ ਕਰਨ ਦੇ ਇਲਜਾਮ, ਕੌਂਸਲਰ ਨੇ ਦੋਸ਼ ਨਕਾਰੇ

ਐਸ ਏ ਐਸ ਨਗਰ – ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਭਾਗਾਂ ਵਿੱਚ ਬਣਾਏ ਗਏ 70 ਦੇ ਕਰੀਬ ਜਨਤਕ ਪਖਾਨਿਆਂ ਦੇ ਕਰਮਚਾਰੀਆਂ ਨੇ ਇਲਜਾਮ ਲਗਾਇਆ ਹੈ ਕਿ ਨਗਰ ਨਿਗਮ ਦੇ ਕੌਂਸਲਰ ਸ੍ਰ. ਜਸਬੀਰ ਸਿੰਘ ਮਣਕੂ ਅਤੇ ਪਖਾਨਿਆਂ ਦੀ ਸਾਂਭ ਸੰਭਾਲ ਕਰਨ ਵਾਲੀ ਕੰਪਨੀ ਦੀ ਮਹਿਲਾ ਅਧਿਕਾਰੀ ਗੁਰਮੀਤ ਕੌਰ ਵਲੋਂ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਕਰਮਚਾਰੀਆਂ ਨੂੰ ਬਣਦੀ ਤਨਖਾਹ ਤੋਂ ਘੱਟ ਅਦਾਇਗੀ ਕੀਤੀ ਜਾਂਦੀ ਹੈ| ਜੇਕਰ ਕੋਈ ਕਰਮਚਾਰੀ ਇਤਰਾਜ ਕਰਦਾ ਹੈ ਤਾਂ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ| ਦੂਜੇ ਪਾਸੇ ਕੌਂਸਲਰ ਸ੍ਰ. ਜਸਬੀਰ ਸਿੰਘ ਮਣਕੂ ਅਤੇ ਇਹਨਾਂ ਜਨਤਕ ਪਖਾਨਿਆਂ ਦੀ ਦੇਖਰੇਖ ਕਰਨ ਵਾਲੀ ਕੰਪਨੀ ਦੀ ਮਹਿਲਾ ਅਧਿਕਾਰੀ ਗੁਰਮੀਤ ਕੌਰ ਨੇ ਇਹਨਾਂ ਇਲਜਾਮਾਂ ਨੂੰ ਬੇਬੁਨਿਆਦਾ ਦੱਸਿਆ ਹੈ| ਇਹਨਾਂ ਪਖਾਨਿਆਂ ਦੇ ਕਰਮਚਾਰੀਆਂ ਦੀ ਜੱਥੇਬੰਦੀ ਦੇ ਪ੍ਰਧਾਨ ਸ੍ਰੀ ਦਇਆਨੰਦ, ਚੇਅਰਮੈਨ ਸ੍ਰੀ ਕਰਮਵੀਰ, ਕੈਸ਼ੀਅਰ ਸ੍ਰੀ ਵਿਰੇਂਦਰ ਪਾਂਡੇ ਅਤੇ ਸਕੱਤਰ ਧੰਨਜੈ ਕੁਮਾਰ ਨੇ ਦੱਸਿਆ ਕਿ ਇਹਨਾਂ ਪਖਾਨਿਆਂ ਦਾ ਠੇਕਾਂ ਭਾਵੇਂ ਮੈਕਸ ਇੰਜਨੀਅਰਿੰਗ ਕੰਪਨੀ ਕੋਲ ਹੈ ਪਰੰਤੂ ਇਸਦਾ ਪੂਰਾ ਕੰਮ ਕੌਂੋਸਲਰ ਜਸਬੀਰ ਸਿੰਘ ਮਣਕੂ ਵਲੋਂ ਹੀ ਸੰਭਾਲਿਆ ਜਾਂਦਾ ਹੈ| ਉਹਨਾਂ ਕਿਹਾ ਕਿ ਕੌਂਸਲਰ ਮਣਕੂ ਵਲੋਂ ਨਾ ਤਾਂ ਕਰਮਚਾਰੀਆਂ ਨੂੰ ਡੀ ਸੀ ਰੇਟ ਅਨੁਸਾਰ ਬਣਦੀ ਤਨਖ੍ਹਾ ਦਿੱਤੀ ਜਾਂਦੀ ਹੈ ਅਤੇ ਨਾ ਹੀ ਉਹਨਾਂ ਦਾ ਪੀ ਐਫ ਅਤੇ ਈ ਐਸ ਆਈ ਫੰਡ ਜਮਾਂ ਕਰਵਾਇਆ ਜਾਂਦਾ ਹੈ| ਉਹਨਾਂ ਕਿਹਾ ਕਿ ਸ੍ਰ. ਮਣਕੂ ਅਤੇ ਕੰਪਨੀ ਦੀ ਮਹਿਲਾ ਅਧਿਕਾਰੀ ਗੁਰਮੀਤ ਕੌਰ ਵਲੋਂ ਕਰਮਚਾਰੀਆਂ ਤੇ ਦਬਾਓ ਬਣਾਇਆ ਜਾਂਦਾ ਹੈ ਕਿ ਉਹ ਪਖਾਨੇ ਦੀ ਵਰਤੋਂ ਕਰਨ ਵਾਲਿਆਂ ਤੋਂ 10 ਰੁਪਏ ਲਿਆ ਕਰਨ ਅਤੇ ਇਸਦੇ ਬਦਲੇ ਉਹ ਰੋਜਾਨਾਂ ਸ਼ਾਮ ਨੂੰ 200 ਰੁਪਏ ਜਮਾਂ ਕਰਵਾਉਣ| ਜਿਹੜਾ ਕਰਮਚਾਰੀ ਪੈਸੇ ਦੇਣ ਤੋਂ ਇਨਕਾਰੀ ਹੁੰਦਾ ਹੈ ਉਸਨੂੰ ਬੇਇਜਤ ਕੀਤਾ ਜਾਂਦਾ ਹੈ ਅਤੇ ਉਸਦੀ ਕੁੱਟਮਾਰ ਵੀ ਹੁੰਦੀ ਹੈ| ਉਹਨਾਂ ਇਲਜਾਮ ਲਗਾਇਆ ਕਿ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਤਨਖ੍ਹਾ ਤੋਂ ਵੀ ਹਰ ਮਹੀਨੇ 1000 ਰੁਪਏ ਵਾਪਸ ਵਸੂਲੇ ਜਾਂਦੇ ਹਨ ਅਤੇ ਇਹ ਸਾਰਾ ਕੰਮ ਧੱਕੇਸ਼ਾਹੀ ਅਤੇ ਗੁੰਡਾਗਰਦੀ ਨਾਲ ਅੰਜਾਮ ਦਿੱਤਾ ਜਾਂਦਾ ਹੈ|ਇਹਨਾਂ ਕਰਮਚਾਰੀਆਂ ਵਲੋਂ ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਗਈ ਹੈ| ਇਹਨਾਂ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਸਾਰੇ ਹੜਤਾਲ ਤੇ ਚਲੇ ਜਾਣਗੇ ਅਤੇ ਇਹਨਾਂ ਪਖਾਨਿਆਂ ਨੂੰ ਤਾਲੇ ਲਗਾ ਦੇਣਗੇ| ਦੂਜੇ ਪਾਸੇ ਨਗਰ ਨਿਗਮ ਦੇ ਕੌਂਸਲਰ ਸ੍ਰ. ਜਸਬੀਰ ਸਿੰਘ ਮਣਕੂ ਨੇ ਇਹਨਾਂ ਸਫਾਈ ਕਰਮਚਾਰੀਆਂ ਵਲੋਂ ਲਗਾਏ ਗਏ ਇਲਜਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ| ਉਹਨਾਂ ਕਿਹਾ ਕਿ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਹਨਾਂ ਨੂੰ ਇਹ ਵੀ ਪਤਾ ਨਹੀਂ ਕਿ ਇਹਨਾਂ ਕਰਮਚਾਰੀਆਂ ਵਲੋਂ ਉਹਨਾਂ ਦਾ ਨਾਮ ਇਸ ਮਾਮਲੇ ਵਿੱਚ ਕਿਉਂ ਘੜੀਸਿਆ ਜਾ ਰਿਹਾ ਹੈ| ਕੰਪਨੀ ਦੀ ਮਹਿਲਾ ਅਧਿਕਾਰੀ ਗੁਰਮੀਤ ਕੌਰ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਕਿਹਾ ਕਿ ਇਹਨਾਂ ਵਿਅਕਤੀਆਂ ਵਲੋਂ ਲਗਾਏ ਜਾ ਰਹੇ ਇਲਜਾਮ ਪੂਰੀ ਤਰ੍ਹਾਂ ਝੂਠੇ ਹਨ| ਉਹਨਾਂ ਕਿਹਾ ਕਿ ਇਲਜਾਮ ਲਗਾਉਣ ਵਾਲੇ ਇਹ ਵਿਅਕਤੀ ਖੁਦ ਮਾਹੌਲ ਖਰਾਬ ਕਰਦੇ ਹਨ ਅਤੇ ਉਲਟਾ ਉਹਨਾਂ ਨੂੰ ਗਲਤ ਬੋਲਦੇ ਹਨ| ਇਲਜਾਮ ਲਗਾਉਣ ਵਾਲੇ ਇਹ ਚਾਰੋ ਵਿਅਕਤੀ ਆਪਣੀ ਡਿਊਟੀ ਕਰਨ ਦੀ ਥਾਂ ਮਨਮਾਨੀਆਂ ਕਰਦੇ ਹਨ ਅਤੇ ਕੰਪਨੀ ਨੂੰ ਇਹਨਾਂ ਦੀਆਂ ਰੋਜ ਸ਼ਿਕਇਤਾਂ ਮਿਲਦੀਆਂ ਹਨ| ਇਹਨਾਂ ਕਰਮਚਾਰੀਆਂ ਦੇ ਬੋਲ ਕਬੋਲ ਦੀ ਰਿਕਾਰਡਿੰਗ ਵੀ ਉਹਨਾਂ ਕੋਲ ਹੈ| ਉਹਨਾਂ ਕਿਹਾ ਕਿ ਇਹਨਾਂ ਵਲੋਂ ਲਗਾਏ ਗਏ ਇਲਜਾਮਾਂ ਬਾਰੇ ਕੋਈ ਵੀ ਵਿਅਕਤੀ ਕਦੇ ਵੀ ਇਹਨਾਂ ਪਖਾਨਿਆਂ ਵਿੱਚ ਜਾ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਗੱਲ ਕਰ ਸਕਦਾ ਹੈ ਅਤੇ ਸੱਚਾਈ ਉਸਦੇ ਸਾਮ੍ਹਣੇ ਆ ਜਾਵੇਗੀ|

VIA PUNJAB