ਸ਼੍ਰੀਲੰਕਾ ‘ਚ ਸਾਰੀਆਂ ਧਿਰਾਂ ਕਾਨੂੰਨ ਦਾ ਸਨਮਾਨ ਕਰਨ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਤੋਂ ਸੰਸਦ ਦਾ ਸੈਸ਼ਨ ਬੁਲਾਉਣ ਅਤੇ ਲੋਕਤੰਤਰਕ ਤਰੀਕੇ ਨਾਲ ਚੁਣੇ ਗਏ ਪ੍ਰਤੀਨਿਧੀਆਂ ਨੂੰ ਦੇਸ਼ ਦੀ ਸਰਕਾਰ ਚੁਣਨ ਦਾ ਮੌਕਾ ਦੇਣ ਨੂੰ ਕਿਹਾ ਹੈ ਤਾਂ ਜੋ ਉਥੇ ਰਾਨਿਲ ਵਿਕਰਮਾਸਿੰਘੇ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਚਾਨਕ ਬਰਖਾਸਤ ਕੀਤੇ ਜਾਣ ਤੋਂ ਬਾਅਦ ਰਾਜਨੀਤਕ ਸੰਕਟ ਖਤਮ ਕੀਤਾ ਜਾ ਸਕੇ। ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰਾਬਰਟ ਪੈਲਾਡਿਨੋ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, ਅਸੀਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਪਣੀ ਸੰਸਦ ਦੁਬਾਰਾ ਬੁਲਾਉਣ ਅਤੇ ਲੋਕਤੰਤਰਕ ਤਰੀਕੇ ਨਾਲ ਚੁਣੇ ਹੋਏ ਲੋਕਾਂ ਨੂੰ ਸ਼੍ਰੀਲੰਕਾਈ ਕਾਨੂੰਨ ਅਤੇ ਢੁੱਕਵੀਂ ਕਾਰਵਾਈ ਮੁਤਾਬਕ ਆਪਣੀ ਸਰਕਾਰ ਦੀ ਅਗਵਾਈ ਦੀ ਚੋਣ ਦਾ ਫਰਜ਼ ਨਿਭਾਉਣ ਦੇਣ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸ਼੍ਰੀਲੰਕਾ ਦੇ ਘਟਨਾਕ੍ਰਮ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਉਸ ਨੇ ਸਾਰੀਆਂ ਧਿਰਾਂ ਨੂੰ ਨਿਰਧਾਰਿਤ ਕਾਰਵਾਈ ‘ਤੇ ਅਮਲ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਬੁਲਾਰੇ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਗਵਾਈ ਚਾਹੇ ਕਿਸੇ ਦੇ ਵੀ ਹੱਥ ਵਿਚ ਹੋਵੇ ਸ਼੍ਰੀਲੰਕਾ ਸਰਕਾਰ ਮਨੁੱਖੀ ਅਧਿਕਾਰਾਂ, ਕਾਨੂੰਨੀ ਸ਼ਾਸਨ, ਸੁਧਾਰ, ਜਵਾਬਦੇਹੀ, ਇਨਸਾਫ ਅਤੇ ਸਲਾਹ-ਮਸ਼ਵਰੇ ਦੀ ਆਪਣੀ ਵਚਨਬੱਧਤਾਵਾਂ ਨੂੰ ਬਰਕਰਾਰ ਰੱਖੇਗੀ।

VIA PUNJAB