ਸਰਕਾਰ ਕਿਸੇ ਵੀ ਮੁੱਦੇ ਉੱਤੇ ਸੰਸਦ ਵਿੱਚ ਚਰਚਾ ਲਈ ਤਿਆਰ: ਮੋਦੀ

ਚੰਗੇ ਸੁਝਾਆਂ ਦਾ ਸਵਾਗਤ ਕਰਨ ਦਾ ਦਾਅਵਾ

ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਹੀ ਵਿਰੋਧੀ ਧਿਰਾਂ ਤੱਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜਸੀ ਪਾਰਟੀਆਂ ਵੱਲੋਂ ਉਠਾਏ ਜਾਣ ਵਾਲੇ ਕਿਸੇ ਵੀ ਮੁੱਦੇ ਉੱਤੇ ਚਰਚਾ ਦੇ ਲਈ ਤਿਆਰ ਹੈ। ਉਨ੍ਹਾਂ ਇਸ ਦੇ ਨਾਲ ਹੀ ਜ਼ੋਰ ਦਿੰਦਿਆਂ ਕਿਹਾ ਕਿ ਕੌਮੀ ਹਿਤ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਫੈਸਲੇ ਲੈਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿੱਚ ਮੀਡੀਆ ਨੂੰ ਸੰਬੋਧਨ ਕਰਨ ਦੀ ਰਵਾਇਤ ਦੌਰਾਨ ਟਿੱਪਣੀਆਂ ਕਰਕੇ ਸੰਸਦ ਮੈਂਬਰਾਂ ਲਈ ਵਿਆਪਕ ਚਰਚਾ ਦੇ ਕਈ ਅਹਿਮ ਮੁੱਦਿਆਂ ਨੂੰ ਛੋਹਿਆ ਅਤੇ ਆਸ ਪ੍ਰਗਟਾਈ ਕਿ ਰਾਜਸੀ ਪਾਰਟੀਆਂ ਸੰਸਦ ਦੇ ਸਮੇਂ ਦੀ ਉਪਯੋਗੀ ਵਰਤੋਂ ਕਰਦੀਆਂ ਹੋਈਆਂ ਦੇਸ਼ ਵਿੱਚ ਅਹਿਮ ਕਾਰਜਾਂ ਨੂੰ ਅੱਗੇ ਵਧਾਉਣਗੀਆਂ। ਉਨ੍ਹਾਂ ਨੇ ਬਿਨਾਂ ਕਿਸੇ ਕੰਮਕਾਜ ਦੇ ਸੰਸਦ ਦੇ ਬਜਟ ਸੈਸ਼ਨ ਦੀ ਤਰ੍ਹਾਂ ਹੀ ਮੌਨਸੂਨ ਸੈਸ਼ਨ ਦੇ ਅਜਾਂਈ ਚਲੇ ਜਾਣ ਦੇ ਡਰ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਵਿਰੋਧੀ ਧਿਰਾਂ ਇਸ ਲਈ ਉਨ੍ਹਾਂ ਦੀ ਸਰਕਾਰ ਨੂੰ ਦੋਸ਼ ਦਿੰਦੀਆਂ ਹਨ ਪਰ ਉਹ ਹਮੇਸ਼ਾਂ ਸੰਸਦ ਦੇ ਨਿਰਵਿਘਨ ਚੱਲਣ ਪ੍ਰਤੀ ਆਸਵੰਦ ਤੇ ਕਾਰਜਸ਼ੀਲ ਹਨ ਅਤੇ ਭਵਿੱਖ ਵਿੱਚ ਰਹਿਣਗੇ। ਉਨ੍ਹਾਂ ਜ਼ੋਰ ਦਿੰਦਿਆਂ ਇਹ ਗੱਲ ਕਹੀ ਕਿ ਜੇ ਕੋਈ ਰਾਜਸੀ ਪਾਰਟੀ ਜਾਂ ਆਗੂ ਕਿਸੇ ਵੀ ਮੁੱਦੇ ਉੱਤੇ ਚਰਚਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਸਰਕਾਰ ਇਸ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਚੰਗੇ ਸੁਝਾਅ ਉਨ੍ਹਾਂ ਦੀ ਸਰਕਾਰ ਵੱਲੋਂ ਫੈਸਲੇ ਲੈਣ ਵਿੱਚ ਸਹਾਈ ਹੋਣਗੇ। ਇਸ ਦੌਰਾਨ ਮੌਨਸੂਨ ਸਬੰਧੀ ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਹਿੱਸੇ ਮੌਨਸੂਨ ਤੋਂ ਪ੍ਰੇਸ਼ਾਨ ਹਨ ਅਤੇ ਕਈਆਂ ਵਿੱਚ ਘੱਟ ਮੀਂਹ ਪਏ ਹਨ, ਇਨ੍ਹਾਂ ਮੁੱਦਿਆਂ ਉੱਤੇ ਸੰਸਦ ਵਿੱਚ ਚਰਚਾ ਹੋਣੀ ਚਾਹੀਦੀ ਹੈ।

VIA PUNJAB