ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਪੱਕੀ ਭਰਤੀ ਤੇ ਪੀ.ਐਫ. ਯੋਜਨਾ ਬੰਦ ਕਰਨ ਦੀ ਕੋਈ ਤਜਵੀਜ਼ ਨਹੀਂ: ਵਿੱਤ ਸਕੱਤਰ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਭਲਾਈ ਯੋਜਨਾਵਾਂ ਬੰਦ ਕਰਨ ਦੀਆਂ ਅਫਵਾਹਾਂ ਨੂੰ ਨਿਰਮੂਲ ਦੱਸਿਆ

ਸ੍ਰੀ ਅਨੰਦਪੁਰ ਸਾਹਿਬ, 16 ਜਨਵਰੀ (ਤਲਵਿੰਦਰ ਸਿੰਘ ਬੁੱਟਰ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿੱਤ (ਅਕਾਊਂਟਸ) ਸ਼ਾਖਾ ਦੇ ਸਕੱਤਰ ਸੁਖਮਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਪੱਕੀ ਭਰਤੀ ਨੂੰ ਬੰਦ ਕਰਕੇ ਠੇਕਾ ਆਧਾਰਤੇ ਭਰਤੀ ਕਰਨ, ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਦੀ ਸਹੂਲਤ ਬੰਦ ਕਰਨ ਅਤੇ ਗਰੈਚੁਟੀ ਦੇ ਸਮੇਂ ਨੂੰ ਘਟਾਉਣ ਸਬੰਧੀ ਚੱਲ ਰਹੀਆਂ ਅਫਵਾਹਾਂ ਨੂੰ ਮੂਲੋਂ ਰੱਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਅਜਿਹੀ ਕੋਈ ਵੀ ਤਜਵੀਜ਼ ਸ਼੍ਰੋਮਣੀ ਕਮੇਟੀ ਦੇ ਵਿਚਾਰਅਧੀਨ ਨਹੀਂ ਹੈ।

ਸਕੱਤਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਿਚ ਬੇਚੈਨੀ ਤੇ ਅਸੁਰੱਖਿਆ ਪੈਦਾ ਕਰਨ ਅਤੇ ਸੰਸਥਾ ਦੇ ਅਨੁਸ਼ਾਸਨ ਦੇ ਮਾਹੌਲ ਨੂੰ ਭੰਗ ਕਰਨ ਲਈ ਕੁਝ ਸ਼ਰਾਰਤੀ ਅਨਸਰਾਂ ਵਲੋਂ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਜਦੋਂਕਿ ਸ਼੍ਰੋਮਣੀ ਕਮੇਟੀ ਇਕ ਸੰਗਤੀ ਸੰਸਥਾ ਹੋਣ ਦੇ ਨਾਤੇ ਜਿੱਥੇ ਪਾਵਨ ਗੁਰਧਾਮਾਂ ਦੀ ਬਿਹਤਰੀਨ ਸੇਵਾਸੰਭਾਲ ਅਤੇ ਸਰਬਪੱਖੀ ਸਿੱਖ ਹਿਤਾਂ ਦੀ ਪਹਿਰੇਦਾਰੀ ਕਰਨ ਲਈ ਤਤਪਰ ਹੈ ਉੱਥੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਅਦਾਰਿਆਂ ਵਿਚ ਨੌਕਰੀ ਕਰਦੇ ਹਰ ਦਰਜੇ ਦੇ ਮੁਲਾਜ਼ਮਾਂ ਦੀ ਭਲਾਈ ਅਤੇ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਲਈ ਵੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਕਾਰਪੋਰੇਟ ਅਦਾਰਾ ਨਹੀਂ ਹੈ, ਜਿਸ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਸਥਾ ਦੇ ਵਿੱਤੀ ਵਾਧੇਘਾਟੇ ਨੂੰ ਵੇਖ ਕੇ ਨਿਰਧਾਰਿਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਸਮੇਂ ਦੀ ਲੋੜ ਅਨੁਸਾਰ ਵੱਧ ਜਾਂ ਘੱਟ ਭਰਤੀ ਤਾਂ ਕੀਤੀ ਜਾ ਸਕਦੀ ਹੈ ਪਰ ਪੱਕੀ ਭਰਤੀ ਨੂੰ ਸਦਾ ਵਾਸਤੇ ਬੰਦ ਕਰਕੇ ਠੇਕਾ ਆਧਾਰਿਤ ਭਰਤੀ ਕਰਨ ਜਾਂ ਮੁਲਾਜ਼ਮਾਂ ਦੇ ਵੱਖਵੱਖ ਫੰਡਾਂ ਦੀਆਂ ਯੋਜਨਾਵਾਂ ਵਿਚ ਕੋਈ ਤਬਦੀਲੀ ਕਰਨ ਦੀ ਕੋਈ ਵੀ ਯੋਜਨਾ ਨਹੀਂ ਹੈ।

ਉਨ੍ਹਾਂ ਹੋਰ ਸਪੱਸ਼ਟ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਹੋਈ ਵਿੱਤੀ ਹੇਰਾਫੇਰੀ ਦੇ ਦੋਸ਼ਾਂ ਵਿਚ ਸ਼੍ਰੋਮਣੀ ਕਮੇਟੀ ਵਲੋਂ ਬਰਖਾਸਤ ਕੀਤੇ ਕੁਝ ਮੁਲਾਜ਼ਮਾਂ ਨੇ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਅਧੀਨ ਆਉਂਦੇ ਇੰਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜੇਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਟਰੱਸਟ ਫੰਡ ਬੰਦ ਕਰਕੇ ਇਸ ਦੇ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡਾਂ ਨੂੰ ਇੰਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜੇਸ਼ਨ ਆਪਣੇ ਹੱਥ ਵਿਚ ਲੈ ਲਵੇ, ਜਿਸ ਕਾਰਨ ਆਰਗੇਨਾਈਜੇਸ਼ਨ ਨੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਸੀ, ਜਿਸਤੇ ਸ਼੍ਰੋਮਣੀ ਕਮੇਟੀ ਵਲੋਂ ਕਾਨੂੰਨੀ ਮਾਹਿਰਾਂ ਦੀ ਰਾਇ ਨਾਲ ਪ੍ਰਾਵੀਡੈਂਟ ਫੰਡ ਆਰਗੇਨਾਈਜੇਸ਼ਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪਰ ਇਸ ਮਸਲੇ ਨੂੰ ਅਧੂਰੀ ਜਾਣਕਾਰੀ ਦੇ ਨਾਲ ਗਲਤ ਰੂਪ ਵਿਚ ਪੇਸ਼ ਕਰਕੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚ ਬੇਯਕੀਨੀ ਤੇ ਅਸੁਰੱਖਿਆ ਦੀ ਭਾਵਨਾ ਨੂੰ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਕੋਲ ਨਾ ਤਾਂ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਦੀ ਯੋਜਨਾ ਬੰਦ ਕਰਨ ਦੀ ਕੋਈ ਤਜਵੀਜ਼ ਹੈ ਅਤੇ ਨਾ ਹੀ ਗਰੈਚੁਟੀ ਦੇ ਸਮੇਂ ਨੂੰ ਘਟਾਉਣ ਜਾਂ ਬੰਦ ਕਰਨ ਦੀ ਕੋਈ ਯੋਜਨਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

VIA PUNJAB