ਹਰ ਸਿੱਖ ਨੂੰ ਸ਼ੁੱਧ ਗੁਰਬਾਣੀ ਪਾਠ ਸਿਖਾਉਣ ਲਈ ਸ਼੍ਰੋਮਣੀ ਕਮੇਟੀ ਦਾ ਵੱਡਾ ਫੈਸਲਾ


* ਹਰ ਇਤਿਹਾਸਕ ਗੁਰਦੁਆਰੇ ਵਿਚ ਰੋਜ਼ਾਨਾ ਸ਼ਾਮ ਨੂੰ ਦੋ ਘੰਟੇ ਲੱਗੇਗੀ ਗੁਰਬਾਣੀ ਸੰਥਿਆ ਕਲਾਸ
* ਸਰਹੱਦੀ ਇਲਾਕਿਆਂ ਵਿਚ ਧਰਮ ਪਰਿਵਰਤਨ ਰੁਝਾਨ ਨੂੰ ਠੱਲ੍ਹਣ ਲਈ ਸ਼ੁਰੂ ਕੀਤੀ ਵਿਸ਼ੇਸ਼ ਲਹਿਰ

ਸ੍ਰੀ ਅਨੰਦਪੁਰ ਸਾਹਿਬ, 25 ਦਸੰਬਰ ( ਤਲਵਿੰਦਰ ਸਿੰਘ ਬੁੱਟਰ)
ਧਰਮ ਪ੍ਰਚਾਰ ਵਿਚ ਆਈ ਖੜੋਤ ਨੂੰ ਤੋੜਣ ਲਈ ਅਤੇ ਹਰੇਕ ਸਿੱਖ ਨੂੰ ਸ਼ੁੱਧ ਗੁਰਬਾਣੀ ਦਾ ਪਾਠ ਕਰਨਾ ਸਿਖਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਬੰਧ ਵਾਲੇ ਗੁਰਦੁਆਰਿਆਂ ਵਿਚ ਰੋਜ਼ਾਨਾਂ ਸ਼ਾਮ ਨੂੰ ਦੋ ਘੰਟੇ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧਾਂ ਹੇਠ ਸੈਕਸ਼ਨ-85 ਦੇ ਲਗਪਗ 80 ਇਤਿਹਾਸਕ ਗੁਰਦੁਆਰਿਆਂ ਅਤੇ ਅਸਿੱਧੇ ਪ੍ਰਬੰਧਾਂ ਵਾਲੇ ਤੇ ਸਥਾਨ ਗੁਰਦੁਆਰਾ ਕਮੇਟੀਆਂ ਵਾਲੇ ਸੈਕਸ਼ਨ-87 ਅਧੀਨ ਆਉਂਦੇ 400 ਦੇ ਲਗਪਗ ਛੋਟੇ-ਵੱਡੇ ਗੁਰਦੁਆਰਿਆਂ ਵਿਚ ਹੁਣ ਰੋਜ਼ਾਨਾ ਸ਼ਾਮੀਂ ਚਾਰ ਵਜੇ ਤੋਂ ਛੇ ਵਜੇ ਤੱਕ ਸ਼ੁੱਧ ਗੁਰਬਾਣੀ ਪਾਠ ਦੀ ਸੰਥਿਆ ਹੋਇਆ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਸਰਹੱਦੀ ਇਲਾਕਿਆਂ ਵਿਚ ਗਰੀਬ ਤੇ ਪੱਛੜੇ ਸਿੱਖਾਂ ਦੇ ਧਰਮ ਪਰਿਵਰਤਨ ਦੇ ਚੱਲ ਰਹੇ ਕਥਿਤ ਰੁਝਾਨ ਨੂੰ ਠੱਲ੍ਹਣ ਲਈ ਪੰਜਾਬ ਭਰ ਵਿਚ ਸ਼੍ਰੋਮਣੀ ਕਮੇਟੀ ਹਲਕਾਵਾਰ ਧਰਮ ਪ੍ਰਚਾਰ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਹਰੇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ, ਕਥਾਵਾਚਕ ਅਤੇ ਢਾਡੀ ਘੱਟੋ-ਘੱਟ ਦੋ ਦਿਨ ਧਾਰਮਿਕ ਦੀਵਾਨ ਲਗਾਉਂਦੇ ਹਨ ਅਤੇ ਲਾਸਾਨੀ ਸਿੱਖ ਇਤਿਹਾਸ ਅਤੇ ਅਮੀਰ ਗੁਰਬਾਣੀ ਦੇ ਵਿਰਸੇ ਤੋਂ ਸੰਗਤ ਨੂੰ ਜਾਣੂ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਉਨ੍ਹਾਂ ਸਰਹੱਦੀ ਪਿੰਡਾਂ, ਜਿਨ੍ਹਾਂ ਵਿਚ ਵੱਡੀ ਪੱਧਰ ‘ਤੇ ਧਰਮ ਪਰਿਵਰਤਨ ਹੋਣ ਦੇ ਰੁਝਾਨ ਸਾਹਮਣੇ ਆਉਂਦੇ ਰਹੇ ਹਨ, ਉੱਥੇ ਸ਼੍ਰੋਮਣੀ ਕਮੇਟੀ ਦੀਆਂ ਪ੍ਰਚਾਰਕ ਵਹੀਰਾਂ ਇਕ-ਇਕ ਪਿੰਡ ਵਿਚ ਪੰਦਰਾਂ-ਪੰਦਰਾਂ ਦਿਨ ਵੀ ਲਾ ਰਹੀਆਂ ਹਨ। ਇਸ ਕਾਰਜ ਦੇ ਲਈ ਆਪਣੇ ਪ੍ਰਚਾਰਕਾਂ ਤੋਂ ਇਲਾਵਾ ਇਕ ਸੌ ਤੋਂ ਵੱਧ ਵਲੰਟੀਅਰ ਭਰਤੀ ਕੀਤੇ ਹਨ ਜੋ, ਪਿੰਡ-ਪਿੰਡ ਇਕ-ਇਕ ਮਹੀਨਾ ਰਹਿ ਕੇ ਗੁਰਮਤਿ ਪ੍ਰਚਾਰ ਕਰਦੇ ਹਨ ਅਤੇ ਘਰ-ਘਰ ਗੁਰਮਤਿ ਸਾਹਿਤ ਤੇ ਸਿੱਖ ਇਤਿਹਾਸ ਸਬੰਧੀ ਪੁਸਤਕਾਂ ਵੰਡ ਰਹੇ ਹਨ। ਉਨ੍ਹਾਂ ਦੱਸਿਆ ਕਿ ਧਰਮ ਪ੍ਰਚਾਰ ਦੀ ਲਹਿਰ ਵਿਚ ਸ਼੍ਰੋਮਣੀ ਕਮੇਟੀ ਨਵੀਂ ਪੀੜ੍ਹੀ ਗੁਰਮੁਖੀ ਲਿੱਪੀ ਅਤੇ ਸਾਬਤ-ਸੂਰਤ ਨਾਲ ਜੋੜਣ ਵੱਲ ਵਿਸ਼ੇਸ਼ ਤਵੱਜੋਂ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਿੰਡਾਂ ਵਿਚ ਧਰਮ ਪ੍ਰਚਾਰ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਇਹ ਗੱਲ ਵੱਡੀ ਪੱਧਰ ‘ਤੇ ਆਈ ਸੀ ਕਿ ਪਿੰਡਾਂ ਵਿਚ ਗੁਰਬਾਣੀ ਸੰਥਿਆ ਕਰਵਾਉਣ ਦੇ ਪ੍ਰਬੰਧ ਨਾ ਹੋਣ ਕਾਰਨ ਵੱਡੀ ਗਿਣਤੀ ਸਿੱਖ ਸੰਗਤ ਸ਼ੁੱਧ ਗੁਰਬਾਣੀ ਪਾਠ ਕਰਨ ਤੋਂ ਅਸਮਰੱਥ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਕ ਮਤਾ ਪਾਸ ਕਰਕੇ ਕੀਤੇ ਵੱਡੇ ਫੈਸਲੇ ਅਨੁਸਾਰ ਹੁਣ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ-85 ਅਤੇ 87 ਦੇ ਹਰੇਕ ਗੁਰਦੁਆਰਾ ਸਾਹਿਬ ਵਿਚ ਸ਼ਾਮੀਂ ਚਾਰ ਵਜੇ ਤੋਂ ਛੇ ਵਜੇ ਤੱਕ ਗੁਰਬਾਣੀ ਦੀ ਸੰਥਿਆ ਕਰਵਾਈ ਜਾਵੇਗੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਸੀ ਕਿ ਸਿੱਖ ਧਰਮ ਦਾ ਹੋਰ ਕਿਸੇ ਵੀ ਧਰਮ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਆਪਣੇ ਧਰਮ ਵਿਚ ਪ੍ਰਪੱਕ ਕਰਨ ਲਈ ਆਪਣੀ ਜ਼ਿੰਮੇਵਾਰੀ ਪ੍ਰਤੀ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਲੋਂ ਧਰਮ ਪ੍ਰਚਾਰ ਲਈ ਤਿਆਰ ਕੀਤੀ ਗਈ ਨਵੀਂ ਰੂਪ-ਰੇਖਾ ਜਿੱਥੇ ਸਿੱਖਾਂ ਅੰਦਰ ਆਪਣੇ ਧਰਮ ‘ਚ ਪ੍ਰਪੱਕਤਾ ਲਿਆਵੇਗੀ ਉੱਥੇ ਨਵੀਂ ਪੀੜ੍ਹੀ ਅੰਦਰ ਚੰਗੀਆਂ ਰੁਚੀਆਂ ਨੂੰ ਪ੍ਰਫੁਲਿਤ ਕਰਕੇ ਆਪਣੇ ਵਿਰਸੇ ਪ੍ਰਤੀ ਮਾਣਮੱਤਾ ਅਹਿਸਾਸ ਵੀ ਜਗਾਵੇਗੀ।

VIA PUNJAB