ਸਾਨ ਫ੍ਰਾਂਸਿਸਕੋ ਬ੍ਰਿਜ ‘ਤੇ ਗੋਲੀਬਾਰੀ, 1 ਦੀ ਮੌਤ ਤੇ ਦੋ ਜ਼ਖਮੀ

ਸਾਨ ਫ੍ਰਾਂਸਿਸਕੋ – ਸਾਨ ਫ੍ਰਾਂਸਿਸਕੋ-ਓਕਲੈਂਡ ਬੇਅ ਬ੍ਰਿਜ ‘ਤੇ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਕਾਰਨ ਕਈ ਵਾਹਨਾਂ ਦੀ ਆਪਸ ‘ਚ ਟੱਕਰ ਵੀ ਹੋ ਗਈ ਤੇ ਪੂਰੀ ਸੜਕ ਨੂੰ ਕੁਝ ਘੰਟਿਆਂ ਲਈ ਬੰਦ ਰੱਖਿਆ ਗਿਆ ਹੈ। ਇਹ ਜਾਣਕਾਰੀ ਸਾਨ ਫ੍ਰਾਂਸਿਸਕੋ ਦੇ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਫਸਰ ਬੈਰਟ ਡੀਆਜ਼ ਨੇ ਕਿਹਾ ਕਿ ਕੁਝ ਲੋਕ ਇਕ ਐੱਸ.ਯੂ.ਵੀ. ‘ਚ ਸਵਾਰ ਹੋ ਕੇ ਸਾਨ ਫ੍ਰਾਂਸਿਸਕੋ ਤੋਂ ਓਕਲੈਂਡ ਵੱਲ ਜਾ ਰਹੇ ਸਨ। ਇਸੇ ਦੌਰਾਨ ਕਿਸੇ ਨੇ ਐੱਸ.ਯੂ.ਵੀ. ‘ਤੇ ਫਾਇਰਿੰਗ ਕਰ ਦਿੱਤਾ ਤੇ ਗੱਡੀ ਹੋਰ ਵਾਹਨ ਨਾਲ ਟਕਰਾ ਗਈ। ਡਿਆਜ਼ ਨੇ ਕਿਹਾ ਕਿ ਐੱਸ.ਯੂ.ਵੀ. ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ। ਇਸ ਤੋਂ ਇਲਾਵਾ ਗੋਲੀਬਾਰੀ ਤੋਂ ਬਾਅਦ ਹੋਈ ਟੱਕਰ ਕਾਰਨ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਹਾਲਾਂਕਿ ਅਜੇ ਤੱਕ ਗੋਲੀਬਾਰੀ ਕਰਨ ਵਾਲੇ ਵਿਅਕਤੀ ਤੇ ਇਸ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਈਵੇਅ ਪੈਟਰੋਲ ਨੇ ਕਿਹਾ ਕਿ ਪੰਜ ‘ਚੋਂ 2 ਸੜਕਾਂ, ਜਿਨ੍ਹਾਂ ‘ਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ, ਸੋਮਵਾਰ ਲਈ ਬੰਦ ਕਰ ਰੱਖਿਆ ਗਿਆ ਹੈ।

VIA PUNJAB