ਸਿੰਧੂ ਅਤੇ ਸਾਇਨਾ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

ਗੁਹਾਟੀ – ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਅੱਜ ਇੱਥੇ ਆਪੋ-ਆਪਣੇ ਸੈਮੀ ਫਾਈਨਲ ਮੈਚ ਜਿੱਤ ਕੇ 83ਵੀਂ ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਰੋਮਾਂਚਕ ਮੁਕਾਬਲੇ ਦੀ ਨੀਂਹ ਰੱਖ ਦਿੱਤੀ ਹੈ। ਸਿੰਧੂ ਨੇ ਸੈਮੀ ਫਾਈਨਲ ਵਿੱਚ ਅਸਾਮ ਦੀ ਅਸ਼ਮਿਤਾ ਚਾਲਿਹਾ ਨੂੰ 21-10, 22-20 ਨਾਲ, ਜਦਕਿ ਸਾਇਨਾ ਨੇ ਨਾਗਪੁਰ ਦੀ ਵੈਸ਼ਣਵੀ ਭਾਲੇ ਨੂੰ 21-15, 21-14 ਨਾਲ ਹਰਾਇਆ। ਦੂਜੇ ਪਾਸੇ, ਪੁਰਸ਼ ਵਰਗ ਵਿੱਚ ਪਾਰੂਪੱਲੀ ਕਸ਼ਿਅਪ ਅਤੇ ਸੌਰਭ ਵਰਮਾ ਵੀ ਅਗਲੇ ਗੇੜ ਵਿੱਚ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਮੌਜੂਦਾ ਚੈਂਪੀਅਨ ਸਾਇਨਾ ਨੇ ਇਕਪਾਸੜ ਮੁਕਾਬਲੇ ਵਿੱਚ ਭਾਰਤ ਦੀ ਸਾਬਕਾ ਨੰਬਰ ਇੱਕ ਖਿਡਾਾਰਨ ਰਹੀ ਮੁੰਬਈ ਦੀ ਨੇਹਾ ਪੰਡਿਤ ਨੂੰ 21-10, 21-10 ਨਾਲ ਹਰਾਇਆ ਸੀ। ਇਸ ਤਰ੍ਹਾਂ 2012 ਦੇ ਚੈਂਪੀਅਨ ਕਸ਼ਿਅਪ ਨੇ ਬੋਧਿਤ ਜੋਸ਼ੀ ਨੂੰ 21-18, 21-16 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਸੈਮੀ ਫਾਈਨਲ ਵਿੱਚ ਲਕਸ਼ੈ ਸੇਨ ਨਾਲ ਹੋਵੇਗਾ। ਇਸ ਤੋਂ ਪਹਿਲਾਂ ਦੁਨੀਆ ਦੇ ਸਾਬਕਾ 30ਵੇਂ ਨੰਬਰ ਦੇ ਖਿਡਾਰੀ ਸੌਰਭ ਨੇ ਬੀ ਸਾਈ ਪ੍ਰਣੀਤ ਨੂੰ 21-11, 21-23, 21-18 ਨਾਲ ਹਰਾਇਆ। ਸੌਰਭ ਨੇ ਪਿਛਲੇ ਸਾਲ ਰੂਸ ਓਪਨ ਅਤੇ ਡੱਚ ਓਪਨ ਵਿੱਚ ਸੁਪਰ-100 ਖ਼ਿਤਾਬ ਜਿੱਤੇ ਸਨ। ਹੁਣ ਸੌਰਭ ਦਾ ਸਾਹਮਣਾ ਕੁਆਲੀਫਾਇਰ ਕੌਸ਼ਲ ਧਰਮਾਮੇਰ ਨਾਲ ਹੋਵੇਗਾ।

VIA PUNJAB