ਸਿੱਖ ਭਾਈਚਾਰੇ ਨੇ ਫਾਕੇ ਕੱਟ ਰਹੇ ਸੰਘੀ ਮੁਲਾਜ਼ਮਾਂ ਦੇ ਢਿੱਡ ਭਰੇ

ਵਾਸ਼ਿੰਗਟਨ – ਅਮਰੀਕਾ ਦੇ ਇੰਡਿਆਨਾ ਰਾਜ ਨਾਲ ਸਬੰਧਤ ਸਿੱਖ ਭਾਈਚਾਰੇ ਨੇ ਸੰਘੀ ਆਵਾਜਾਈ ਤੇ ਸੁਰੱਖਿਆ ਪ੍ਰਸ਼ਾਸਨ (ਟੀਐਸਏ) ਲਈ ਕੰਮ ਕਰਦੇ ਮੁਲਾਜ਼ਮਾਂ ਨੂੰ ਭਾਰਤੀ ਖਾਣੇ ਤੇ ਗਿਫ਼ਟ ਕਾਰਡਜ਼ ਵੰਡੇ ਹਨ। ਪਿਛਲੇ 35 ਦਿਨਾਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਰਕੇ ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਉਹ ਫਾਕੇ ਕੱਟਣ ਲਈ ਮਜਬੂਰ ਹਨ। ਟੀਐਸਏ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਉਹ ਏਜੰਸੀ ਹੈ, ਜਿਸ ਦੇ ਹੱਥ ਵਿੱਚ ਨਿੱਤ ਵਾਹਨਾਂ ਰਾਹੀਂ ਆਉਂਦੇ ਜਾਂਦੇ ਯਾਤਰੀਆਂ ਦੀ ਸੁਰੱਖਿਆ ਹੈ। ਸੰਘੀ ਸਰਕਾਰ ਦਾ ਕੰਮਕਾਜ ਭਾਵੇਂ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ, ਪਰ ਮੁਲਾਜ਼ਮਾਂ ਨੂੰ ਤਨਖਾਹਾਂ ਵਾਲੇ ਚੈੱਕ ਮਿਲਣ ’ਚ ਅਜੇ ਸਮਾਂ ਲੱਗੇਗਾ। ਮੁਕਾਮੀ ਸਿੱਖ ਭਾਈਚਾਰੇ ਨੇ ਆਪਣੇ ਆਗੂ ਗੁਰਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਢਾਈ ਸੌ ਤੋਂ ਵੱਧ ਟੀਐਸਏ ਮੁਲਾਜ਼ਮਾਂ ਨੂੰ ਇੰਡਿਆਨਾਪੋਲਿਸ ਹਵਾਈ ਅੱਡੇ ’ਤੇ ਛੇ ਹਜ਼ਾਰ ਡਾਲਰ ਮੁੱਲ ਦੇ ਗਿਫ਼ਟ ਤੇ ਗਰੌਸਰੀ ਕਾਰਡਜ਼ ਵੰਡੇ। ਟੀਐਸਏ ਏਜੰਟਾਂ ਨੂੰ ਭਾਰਤੀ ਖਾਣਾ ਤੇ ਪਿਜ਼ਾ ਵੀ ਦਿੱਤਾ ਗਿਆ। ਇੰਡਿਆਨਾ ਟੀਐਸਏ ਦੇ ਸੰਘੀ ਸੁਰੱਖਿਆ ਡਾਇਰੈਕਟਰ ਆਰੋਨ ਬੈਟ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਇਸ ਹਮਾਇਤ ਤੇ ਨਿਰਸੁਆਰਥ ਸੇਵਾ ਲਈ ਉਨ੍ਹਾਂ ਦੇ ਧੰਨਵਾਦੀ ਹਨ।

VIA PUNJAB