ਸ੍ਰੀਲੰਕਾ ਅੱਗੇ ਵਿਸ਼ਵ ਕੱਪ ’ਚ ਬਣੇ ਰਹਿਣ ਦੀ ਚੁਣੌਤੀ

ਲੀਡਜ਼ – ਸ੍ਰੀਲੰਕਾ ਦੀ ਟੀਮ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਸ਼ੁੱਕਰਵਾਰ ਨੂੰ ਇੱਥੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨਾਲ ਭਿੜੇਗੀ, ਉਸ ਦੀ ਕੋਸ਼ਿਸ਼ ਟੂਰਨਾਮੈਂਟ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੀ ਹੋਵੇਗੀ। ਪਿਛਲੇ ਮੈਚ ਵਿੱਚ ਉਹ ਆਸਟਰੇਲੀਆ ਤੋਂ 87 ਦੌੜਾਂ ਨਾਲ ਹਾਰ ਗਈ ਸੀ। ਟੂਰਨਾਮੈਂਟ ਵਿੱਚ ਪੰਜ ਮੈਚਾਂ ਵਿੱਚ ਚਾਰ ਅੰਕ ਨਾਲ ਸ੍ਰੀਲੰਕਾ ਦੀ ਟੀਮ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ ਅਤੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਉਸ ਨੂੰ ਅਗਲੇ ਚਾਰ ਮੁਕਾਬਲੇ ਜਿੱਤਣੇ ਹੋਣਗੇ। ਵਿਸ਼ਵ ਕੱਪ ਟਰਾਫ਼ੀ 1996 ਵਿੱਚ ਜਿੱਤਣ ਵਾਲੀ ਟੀਮ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਹਾਰ ਗਈ, ਜਦਕਿ ਉਸ ਦੇ ਦੋ ਮੈਚ ਮੀਂਹ ਦੀ ਭੇਟ ਚੜ੍ਹ ਗਏ। ਇੰਗਲੈਂਡ ਦੀ ਟੀਮ ਪੂਰੀ ਲੈਅ ਵਿੱਚ ਹੈ। ਮੇਜ਼ਬਾਨ ਟੀਮ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। ਪਾਕਿਸਤਾਨ ਖ਼ਿਲਾਫ਼ ਮਿਲੀ ਹਾਰ ਨੂੰ ਛੱਡ ਦੇਈਏ ਤਾਂ ਟੀਮ ਨੂੰ ਰੋਕਣਾ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ। ਇਓਨ ਮੌਰਗਨ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਦੀ ਸਰਵੋਤਮ ਬੱਲੇਬਾਜ਼ੀ ਇਕਾਈ ਵਜੋਂ ਉਭਰੀ ਹੈ।

VIA PUNJAB