ਹੁਸ਼ਿਆਰਪੁਰ ਵਿਖੇ ਦਰਦਨਾਕ ਸੜਕ ਹਾਦਸੇ ’ਚ ਮੌਕੇ ’ਤੇ 10 ਲੋਕਾਂ ਦੀ ਮੌਤ-12 ਹੋਰ ਜ਼ਖ਼ਮੀ

ਧਾਰਮਿਕ ਅਸਥਾਨ ਤੋਂ ਦਰਸ਼ਨ ਕਰਕੇ ਪਰਤ ਰਹੀ ਪਿੱਕਅੱਪ ਦਰਖ਼ਤ ਨਾਲ ਟਕਰਾਈ

ਹੁਸ਼ਿਆਰਪੁਰ – ਹੁਸ਼ਿਆਰਪੁਰ ਦੇ ਧੋਬੀਘਾਟ ਚੌਕ ’ਤੇ ਭਿਆਨਕ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ 12 ਹੋਰ ਫਟੜ ਹੋ ਗਏ। ਹਾਦਸਾ ਪਿਕਅਪ ਦੇ ਦਰਖ਼ਤ ਨਾਲ ਟਕਰਾਉਣ ਤੋਂ ਹੋਇਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਪਿਕਅਪ ਦੇ ਪਰਖਚੇ ਉਡ ਗਏ ਤੇ 10 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ 12 ਹੋਰ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ’ਚ 2 ਬਚੇ ਤੇ 3 ਔਰਤਾਂ ਵੀ ਸ਼ਾਮਿਲ ਹਨ। ਸਾਰੀਆਂ ਲਾਸ਼ਾਂ ਨੂੰ ਕਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿਤੀ ਗਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅਪ ਗਡੀ ਨੰਬਰ ਪੀ.ਬੀ.07 ਏ ਏ 3876 ਰਾਹੀਂ ਦਸੂਹਾ ਨਜ਼ਦੀਕ ਉਸਮਾਨ ਸ਼ਹੀਦ ਅਤੇ ਕੋਟਲੀ ਖੁਰਦ ਅਤੇ ਨਾਲ ਲਦੁ ਹੋਰਨਾਂ ਪਿੰਡਾਂ ਦੇ ਸ਼ਰਧਾਲੂ ਪੀਰ ਨਿਗਾਹੇ ਧਾਰਮਿਕ ਅਸਥਾਨ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ ਕਿ ਨਗਰ ਨਿਗਮ ਹੁਸ਼ਿਆਰਪੁਰ ਨਜ਼ਦੀਕ ਆ ਕੇ ਉਨ੍ਹਾਂ ਦੀ ਇਹ ਗਡੀ ਬੇਕਾਬੂ ਹੋ ਕੇ ਸਫੈਦੇ ਦੇ ਰੁਖ ਨਾਲ ਟਕਰਾ ਗਈ, ਜਿਸ ਕਾਰਨ ਇਸ ਗਡੀ ’ਚ ਸਵਾਰ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਪ੍ਰੇਮ ਸਿੰਘ ਪਿਪਲਾਂਵਾਲਾ ਸਿਵਲ ਹਸਪਤਾਲ ਵਿਖੇ ਪੁਜੇ ਅਤੇ ਰਾਹਤ ਕਾਰਜ ਆਰੰਭ ਕਰਵਾ ਦਿਤੇ। ਹਾਦਸੇ ਦਾ ਕਾਰਨ ਚਾਲਕ ਦੀ ਝੋਕ ਲਗਣਾ ਦਸਿਆ ਜਾ ਰਿਹਾ ਹੈ।

VIA PUNJAB