2 ਕਰੋੜ ਨੌਕਰੀਆਂ ਦੇਣ ਵਿੱਚ ਅਸਫਲ ਰਹੀ ਮੋਦੀ ਸਰਕਾਰ : ਮਨਮੋਹਨ ਸਿੰਘ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕੇਂਦਰ ਤੇ ਸੂਬਾ ਭਾਜਪਾ ਸਰਕਾਰ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਇਆ| 10 ਸਾਲ ਤਕ ਕੇਂਦਰ ਵਿੱਚ ਯੂ.ਪੀ.ਏ. ਸਰਕਾਰ ਦੀ ਅਗਵਾਈ ਕਰਨ ਵਾਲੇ ਮਨਮੋਹਨ ਸਿੰਘ ਨੇ ਖੁਦ ਨੂੰ ਰਿਮੋਟ ਸਰਕਾਰ ਕਹੇ ਜਾਣ ਦੀ ਗੱਲ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਇਹ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ| ਅਸੀਂ ਤੁਹਾਨੂੰ ਨਾਲ ਲੈ ਕੇ ਤੁਰੀਏ ਇਹ ਕਾਰਨ ਰਿਹਾ ਕਿ ਸਰਕਾਰ ਤੇ ਪਾਰਟੀ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਰਿਹਾ| ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ਤੇ ਹਮਲਾ ਕਰਦੇ ਹੋਏ ਕਿਹਾ ਕਿ 2014 ਵਿੱਚ ਮੋਦੀ ਨੇ ਹਰ ਸਾਲ ਦੇਸ਼ ਵਿੱਚ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਉਹ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਿਆ| ਮਜ਼ਦੂਰ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਹਰ ਤਿਮਾਹੀ ਵਿੱਚ ਸਿਰਫ ਕੁਝ ਹਜ਼ਾਰ ਹੀ ਨੌਕਰੀਆਂ ਮਿਲ ਸਕੀਆਂ ਹਨ| ਉਨ੍ਹਾਂ ਨੇ ਸੂਬਾ ਸਰਕਾਰ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕਿਸਾਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ| ਸੂਬਾ ਸਰਕਾਰ ਕਿਸਾਨਾਂ ਦੀ ਸਮੱਸਿਆ ਪੂਰਾ ਕਰਨ ਲਈ ਅਸਫਲ ਰਹੀ ਹੈ| ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਦੇ ਵੀ ਕਿਸੇ ਵੀ ਸਰਕਾਰ ਨਾਲ ਭੇਦਭਾਵ ਨਹੀਂ ਕੀਤਾ ਸੀ| ਅਸੀਂ ਮੱਧ ਪ੍ਰਦੇਸ਼ ਨਾਲ ਕਦੇ ਵੀ ਭੇਦਭਾਵ ਨਹੀਂ ਕੀਤਾ, ਸ਼ਿਵਰਾਜ ਸਿੰਘ ਚੌਹਾਨ ਇਸ ਦੇ ਗਵਾਹ ਹਨ| ਰਾਫੇਲ ਡੀਲ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਤੇ ਲਿਆ ਤੇ ਕਿਹਾ ਕਿ ਰਾਫੇਲ ਮਾਮਲਾ, ਦਾਲ ਵਿੱਚ ਕਾਲਾ ਹੀ ਕਾਲਾ ਨਜ਼ਰ ਆਉਂਦਾ ਹੈ| ਇਸ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ| ਜਾਂਚ ਲਈ ਜੇ.ਪੀ.ਸੀ. ਗਠਿਤ ਕੀਤੀ ਜਾਵੇ| ਰਾਫੇਲ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਕਰਦੇ ਰਹੇ ਹਨ|

VIA PUNJAB