ਸੂਬੇ ਵਿੱਚ 100 ਕਰੋੜ ਦੀ ਲਾਗਤ ਵਾਲੇ ਐਨ.ਆਰ.ਐਸ.ਈ. ਪ੍ਰੋਜੈਕਟਾਂ ਦੀ ਸਥਾਪਨਾ ਜਲਦ: ਕਾਂਗੜ

ਸਲਾਨਾ 800 ਟਨ ਬਾਇਓ ਸੀ.ਐਨ.ਜੀ., 3300 ਟਨ ਜੈਵਿਕ ਖਾਦ ਅਤੇ 75,000 ਟਨ ਬਾਇਓ ਕੋਲ ਦਾ ਹੋਵੇਗਾ ਉਤਪਾਦਨ
ਚੰਡੀਗੜ – ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੀ ਪ੍ਰਾਜੈਕਟ ਅਲਾਟਮੈਂਟ ਕਮੇਟੀ ਵੱਲੋਂ ਰਾਜ ਵਿੱਚ 100 ਕਰੋੜ ਦੀ ਲਾਗਤ ਵੱਡ ਅਕਾਰੀ ਐਨ.ਆਰ.ਐਸ.ਈ. ਪ੍ਰੋਜੈਕਟਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਸੂਬੇ ਵਿੱਚ ਨਿੱਜੀ ਕਾਰੋਬਾਰੀਆਂ ਵੱਲੋਂ 60 ਕਰੋੜ ਰੁਪਏ ਦੀ ਲਾਗਤ ਨਾਲ 5.55 ਮੈਗਾਵਾਟ ਦੀ ਸਮਰੱਥਾ ਵਾਲੇ 9 ਛੋਟੇ ਹਾਇਡ੍ਰੋ ਪ੍ਰਾਜੈਕਟ, 17.50 ਕਰੋੜ ਰੁਪਏ ਦੀ ਲਾਗਤ ਨਾਲ 1 ਬਾਈਓ ਸੀ.ਐਨ.ਜੀ. ਪ੍ਰਾਜੈਕਟ ਅਤੇ 26.75 ਕਰੋੜ ਦੀ ਲਾਗਤ ਵਿੱਚ ਬਾਈਓ ਕੋਲ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਸ੍ਰੀ ਕਾਂਗੜ ਨੇ ਕਿਹਾ, ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਨਿੱਜੀ ਕੰਪਨੀਆਂ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਲਈ ਵਧੇਰੇ ਦਿਲਚਸਪੀ ਦਿਖਾ ਰਹੀਆਂ ਹਨ। ਇਸ ਨਾਲ ਸੂਬੇ ਵਿੱਚ ਨਾ ਸਿਰਫ਼ ਨਿਵੇਸ਼ ਨੂੰ ਹੁਲਾਰਾ ਮਿਲੇਗਾ ਸਗੋਂ ਪ੍ਰਦੂਸ਼ਣ ਰਹਿਤ ਊਰਜਾ ਦੇ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਇਸ ਦੇ ਨਾਲ ਹੀ ਉਹ ਬਾਈਓ ਸੀ.ਐਨ.ਜੀ ਅਤੇ ਬਾਈਓ ਕੋਲ ਦੇ ਉਤਪਾਦਨ ਲਈ ਝੋਨੇ ਦੀ ਪਰਾਲੀ ਨੂੰ ਵੀ ਵਰਤੋਂ ਵਿੱਚ ਲਿਆ ਸਕਦੇ ਹਨ। ਇਹਨਾਂ ਪਹਿਲਕਦਮੀਆਂ ਦੇ ਸਦਕੇ ਪੇਂਡੂ ਖੇਤਰਾਂ ਵਿੱਚ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣ ਦੇ ਨਾਲ ਹੀ ਵਾਤਾਵਰਣ ਵੀ ਸੁਰਖਿਅਤ ਹੋਵੇਗਾ। ਇਹ ਹਾਈਡ੍ਰੋ ਪ੍ਰਾਜੈਕਟ ਮੁੱਖ ਤੌਰ ‘ਤੇ ਸਿੱਧਵਾਂ ਬ੍ਰਾਂਚ ਅਤੇ ਬਠਿੰਡਾ ਕੈਨਾਲ ਬ੍ਰਾਂਚ ਦੇ ਨਾਲ ਅੱਪਰ ਬਾਰੀ ਦੁਆਬ ਕੈਨਾਲ ਬ੍ਰਾਂਚ ‘ਤੇ ਊਰਜਾ ਦੇ ਨਿਰਮਾਣ ਲਈ ਲੋਅ/ ਅਲਟਰਾ ਹੈੱਡ ਸਾਈਟਜ਼ ਨੂੰ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਹ ਪ੍ਰਾਜੈਕਟ ਵਿੱਤੀ ਸਾਲ 2020-21 ਵਿੱਚ ਮੁਕੰਮਲ ਹੋ ਜਾਣਗੇ। ਇਹਨਾਂ ਪ੍ਰਾਜੈਕਟਾਂ ਦੀ ਸਥਾਪਨਾ ਨਾਲ ਸੂਬੇ ਵਿੱਚ ਸਮਾਲ/ਮਿੰਨੀ ਹਾਇਡਲ ਪ੍ਰਾਜੈਕਟਜ਼ ਦੀ ਨਿਰਮਾਣ ਸਮਰੱਥਾ ਕਰੀਬ 180 ਮੈਗਾਵਾਟ ਹੋ ਜਾਵੇਗੀ। ਝੋਨੇ ਦੀ ਪਰਾਲੀ ਸਮੇਤ ਹੋਰ ਖੇਤੀਬਾੜੀ ਰਹਿੰਦ-ਖੂੰਹਦ ਤੋਂ ਬਾਇਓ ਸੀ.ਐਨ.ਜੀ. ਦੇ ਨਿਰਮਾਣ ਲਈ ਇਹ ਪ੍ਰਾਜੈਕਟ ਸਟੇਟ ਐਨ.ਆਰ.ਐਸ.ਈ. ਨੀਤੀ-2012 ਤਹਿਤ ਮੈਸਰਜ਼ ਮਹਿੰਦਰਾ ਵੇਸਟ ਟੂ ਐਨਰਜੀ ਸਲਿਊਸ਼ਨਜ਼ ਲਿਮਟਿਡ, ਮੁੰਬਈ (ਜੋ ਕਿ ਮਹਿੰਦਰਾ ਐਂਡ ਮਹਿੰਦਰਾ ਦੀ ਕੰਪਨੀ ਹੈ) ਵੱਲੋਂ ਆਪਣੇ ਪੱਧਰ ‘ਤੇ ਲਗਾਇਆ ਜਾਵੇਗਾ। ਇਹ ਪ੍ਰਾਜੈਕਟ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਵੀ ਸਥਾਪਤ ਹੋਣ ਦੀ ਪ੍ਰਸਤਾਵਨਾ ਹੈ। ਕੰਪਨੀ ਵੱਲੋਂ ਇਹ ਪ੍ਰਾਜੈਕਟ 15 ਮਹੀਨਿਆਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਜਿਸ ਨਾਲ ਰੋਜ਼ਾਨਾ 6000 ਸੀ.ਯੂ.ਐਮ. ਰਾਅ ਬਾਇਓ ਗੈਸ ਦਾ ਉਤਪਾਦਨ ਹੋਵੇਗਾ ਜਿਸ ਨੂੰ ਸੋਧ ਕੇ ਰੋਜ਼ਾਨਾ 2.5 ਟਨ ਬਾਈਓ ਸੀ.ਐਨ.ਜੀ. ਅਤੇ 10-12 ਟਨ ਜੈਵਿਕ ਖਾਦ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰਾਜੈਕਟ ਰਾਹੀਂ ਸਲਾਨਾ 8000 ਟਨ ਝੋਨ ਦੀ ਪਰਾਲੀ ਤੋਂ ਇਲਾਵਾ ਕਣਕ ਅਤੇ ਪਸ਼ੂਆਂ ਦੀ ਰਹਿੰਦ-ਖੂਹੰਦ ਨੂੰ ਵਰਤੋਂ ਵਿੱਚ ਲਿਆਂਦਾ ਜਾਵੇਗਾ। ਝੋਨੇ ਦੀ ਪਰਾਲੀ ਦੀ ਪ੍ਰੋਸੈਸਿੰਗ ‘ਤੇ ਆਧਾਰਿਤ ਬਾਈਓ ਕੋਲ ਪਲਾਂਟ ਪ੍ਰਾਜੈਕਟ ਬਠਿੰਡਾ ਜਿਲੇ ਦੇ ਪਿੰਡ ਮਹਿਮਾ ਸਰਜਾ ਵਿਖੇ ਮੈਸਰਜ਼ ਨਿਊਵੇ ਨਵਿਆਉਣਯੋਗ ਊਰਜਾ ਪ੍ਰਾਈਵੇਟ ਲਿਮਟਿਡ ਵੱਲੋਂ ਨਿੱਜੀ ਪੱਧਰ ‘ਤੇ ਸਥਾਪਿਤ ਕੀਤਾ ਜਾਵੇਗਾ।ਇਸ ਪ੍ਰਾਜੈਕਟ ਰਾਹੀਂ ਰੋਜ਼ਾਨਾ 300 ਟਨ ਝੋਨੇ ਦੀ ਪਰਾਲੀ ਨੂੰ ਵਰਤੋਂ ਵਿੱਚ ਲਿਆ ਕੇ ਤਕਰੀਬਨ 225 ਟਨ ਪ੍ਰਤੀਦਿਨ ਬਾਈਓ-ਕੋਲ ਦਾ ਨਿਰਮਾਣ ਕੀਤਾ ਜਾਵੇਗਾ।

VIA PUNJAB