ਟਰੰਪ ਲਈ ਭਾਰਤ ਨਾਲ ਰਿਸ਼ਤੇ ਅਹਿਮ: ਸ਼੍ਰਿੰਗਲਾ

ਵਾਸ਼ਿੰਗਟਨ – ਅਮਰੀਕਾ ਵਿੱਚ ਭਾਰਤ ਦੇ ਨਵੇਂ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਅਮਰੀਕਾ-ਭਾਰਤ ਸਬੰਧ ਕਾਫੀ ਅਹਿਮ ਹਨ। ਸ਼੍ਰਿੰਗਲਾ ਨੇ ਇਹ ਦਾਅਵਾ ਸ਼ੁੱਕਰਵਾਰ ਨੂੰ ਇਥੇ ਅਮਰੀਕੀ ਸਦਰ ਨਾਲ ਮੁਲਾਕਾਤ ਮਗਰੋਂ ਕੀਤਾ। 1984 ਬੈਚ ਦੇ ਆਈਐਫਐਸ ਅਧਿਕਾਰੀ ਸ਼੍ਰਿੰਗਲਾ ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ ਵਿੱਚ ਅਮਰੀਕੀ ਸਦਰ ਨੂੰ ਆਪਣੇ ਸਫ਼ਾਰਤੀ ਪ੍ਰਮਾਣ ਪੱਤਰ ਦੇਣ ਲਈ ਪੁੱਜੇ ਸਨ। ਸ੍ਰੀ ਸ਼੍ਰਿੰਗਲਾ ਨੇ ਨਵਤੇਜ ਸਰਨਾ ਦੀ ਥਾਂ ਲਈ ਹੈ, ਜੋ 31 ਦਸੰਬਰ ਨੂੰ ਸੇਵਾਮੁਕਤ ਹੋ ਗਏ ਹਨ। ਸ਼੍ਰਿੰਗਲਾ ਅਮਰੀਕਾ ਵਿੱਚ ਸਫ਼ੀਰ ਨਿਯੁਕਤ ਹੋਣ ਵਾਲੇ ਸਭ ਤੋਂ ਨੌਜਵਾਨ ਭਾਰਤੀ ਹਨ। ਇਸ ਨਵੀਂ ਨਿਯੁਕਤੀ ਤੋਂ ਪਹਿਲਾਂ ਸ਼੍ਰਿੰਗਲਾ ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸਨ। ਭਾਰਤ ਤੇ ਅਮਰੀਕਾ ਵਿੱਚ ਵਧਦੇ ਭਰੋਸੇ ਤੇ ਨਿੱਘ ਦੀ ਝਲਕ ਇਸ ਤੱਥ ਤੋਂ ਮਿਲ ਜਾਂਦੀ ਹੈ ਕਿ ਨਵੇਂ ਭਾਰਤੀ ਸਫ਼ੀਰ ਨੇ ਵਾਸ਼ਿੰਗਟਨ ਆਮਦ ਦੇ 50 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਆਪਣਾ ਪ੍ਰਮਾਣ ਪੱਤਰ ਟਰੰਪ ਨੂੰ ਸੌਂਪ ਦਿੱਤਾ ਹੈ। ਕਿਸੇ ਵਿਦੇਸ਼ੀ ਸਫ਼ੀਰ ਵੱਲੋਂ ਪ੍ਰਮਾਣ ਪੱਤਰ ਦੇਣ ਦੀ ਰਸਮ ਨੂੰ ਇੰਨੀ ਤੇਜ਼ੀ ਨਾਲ ਨਿਭਾਉਣਾ, ਅਮਰੀਕੀ ਰਾਜਧਾਨੀ ਵਿੱਚ ਕਾਫ਼ੀ ਨਿਵੇਕਲੀ ਗੱਲ ਹੈ। ਕਿਉਂਕਿ ਬੀਤੇ ਵਿੱਚ ਭਾਰਤ ਸਮੇਤ ਹੋਰਨਾਂ ਵਿਦੇਸ਼ੀ ਸਫ਼ੀਰਾਂ ਨੂੰ ਇਹ ਰਸਮ ਪੂਰੀ ਕਰਨ ਲਈ ਹਫ਼ਤਿਆਂ ਬੱਧੀ ਉਡੀਕ ਕਰਨੀ ਪੈਂਦੀ ਸੀ। ਯਾਦ ਰਹੇ ਕਿ ਸਫ਼ਾਰਤੀ ਪ੍ਰਮਾਣ ਪੱਤਰ ਉਹ ਸਰਕਾਰੀ ਜਾਂ ਕਾਨੂੰਨੀ ਪੱਤਰ ਹੁੰਦਾ ਹੈ, ਜੋ ਕਿਸੇ ਸਫ਼ੀਰ ਨੂੰ ਰਸਮੀ ਤੌਰ ’ਤੇ ਦੂਜੇ ਮੁਲਕ ਵਿੱਚ ਰਾਜਦੂਤ ਨਿਯੁਕਤ ਕਰਦਾ ਹੈ।

VIA PUNJAB