ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਮੀਰਾਬਾਈ ਚਾਨੂ

ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਸ਼ਨਿੱਚਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਮੀਰਾਬਾਈ ਦੀਆਂ ਨਜ਼ਰਾਂ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ 2020-ਓਲੰਪਿਕ ਕੁਆਲੀਫੀਕੇਸ਼ਨ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ’ਤੇ ਹੋਣਗੀਆਂ। ਕੌਮਾਂਤਰੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਯੂਐੱਫ) ਨੇ ਆਪਣੇ ਵਜ਼ਨ ਵਰਗਾਂ ਵਿੱਚ ਬਦਲਾਅ ਕੀਤਾ ਹੈ। 48 ਦੀ ਥਾਂ 49 ਕਿਲੋ ਭਾਰ ਵਰਗ ਵਿੱਚ ਹਿੱਸਾ ਲੈ ਰਹੀ ਮੀਰਾਬਾਈ ਭਾਰਤ ਦੇ ਤਗ਼ਮੇ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਹੈ। ਉਸ ਨੇ ਪਿੱਠ ਦੇ ਦਰਦ ਕਾਰਨ ਲਗਪਗ ਨੌਂ ਮਹੀਨੇ ਬਾਹਰ ਰਹਿਣ ਮਗਰੋਂ ਮਜ਼ਬੂਤ ਵਾਪਸੀ ਕੀਤੀ ਸੀ। ਮੀਰਾਬਾਈ ਨੇ ਫਰਵਰੀ ਵਿੱਚ ਥਾਈਲੈਂਡ ਵਿੱਚ ਈਜੀਏਟੀ ਕੱਪ ਵਿੱਚ ਸਨੈਚ ਵਿੱਚ 80 ਅਤੇ ਕਲੀਨ ਐਂਡ ਜਰਕ ਵਿੱਚ 110 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਸੀ।ਇਹ ਮੀਰਾਬਾਈ ਲਈ ਛੇ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟਾਂ ਵਿੱਚੋਂ ਇੱਕ ਸੀ। ਮਨੀਪੁਰ ਦੀ ਇਸ ਵੇਟਲਿਫਟਰ ਨੂੰ ਹਾਲਾਂਕਿ ਪਤਾ ਹੈ ਕਿ ਉਸ ਦੀ ਤਗ਼ਮੇ ਦੀ ਰਾਹ ਸੌਖੀ ਨਹੀਂ ਹੋਵੇਗੀ। ਮੀਰਾਬਾਈ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 196 ਕਿਲੋਗ੍ਰਾਮ ਹੈ ਅਤੇ ਉਹ ਇਸ ਵਿੱਚ ਸੁਧਾਰ ਕਰਨ ਦਾ ਯਤਨ ਕਰੇਗੀ। ਕੌਮੀ ਕੋਚ ਵਿਜੈ ਸ਼ਰਮਾ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਓਲੰਪਿਕ ਲਈ ਮੀਰਾ ਦਾ ਟੀਚਾ 210 ਕਿਲੋਗ੍ਰਾਮ ਹੈ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਅਸੀਂ 196 ਕਿਲੋਗ੍ਰਾਮ ਤੋਂ ਵੱਧ ਵਜ਼ਨ ਚੁੱਕਣ ਦੀ ਕੋਸ਼ਿਸ਼ ਕਰਾਂਗੇ।’’ ਪੁਰਸ਼ ਵਰਗ ਵਿੱਚ ਭਾਰਤ ਦੀਆਂ ਨਜ਼ਰਾਂ ਯੂਥ ਓਲੰਪਿਕ ਚੈਂਪੀਅਨ ਜੇਰੇਮੀ ਲਾਲਰਿਨਨੁੰਗਾ ’ਤੇ ਹੋਣਗੀਆਂ ਕਿਉਂਕਿ ਦੋ ਵਾਰ ਦਾ ਰਾਸ਼ਟਰਮੰਡਲ ਚੈਂਪੀਅਨ ਸਤੀਸ਼ ਸ਼ਿਵਲਿੰਗਮ ਪ੍ਰਦਰਸ਼ਨ ਨਾਲ ਜੁੜੇ ਮੁੱਦਿਆਂ ਕਾਰਨ ਟੂਰਨਾਮੈਂਟ ਤੋਂ ਹਟ ਗਿਆ ਹੈ। ਮਿਜ਼ੋਰਮ ਦਾ 16 ਸਾਲਾ ਜੇਰੇਮੀ 62 ਦੀ ਥਾਂ 67 ਕਿਲੋਗ੍ਰਾਮ ਵਰਗ ਵਿੱਚ ਹਿੱਸਾ ਲਵੇਗਾ। ਉਸ ਨੇ ਈਜੀਏਟੀ ਕੱਪ ਵਿੱਚ ਸਨੈਚ ਵਿੱਚ 131 ਅਤੇ ਕਲੀਨ ਐਂਡ ਜਰਕ ਵਿੱਚ 157 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਜਿੱਤੀ ਸੀ। ਪੁਰਸ਼ ਵਰਗ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਵਿਕਾਸ ਠਾਕੁਰ (96 ਕਿਲੋ) ਅਤੇ ਏਸ਼ਿਆਈ ਯੂਥ ਐਂਡ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਅਜੈ ਸਿੰਘ (81 ਕਿਲੋ) ਵੀ ਭਾਰਤ ਦੀ ਪ੍ਰਤੀਨਿਧਤਾ ਕਰਨਗੇ।

VIA PUNJAB