ਟਰੰਪ ਨੇ ਸ਼੍ਰੀਲੰਕਾ ਤੇ ਨਿਊਜ਼ੀਲੈਂਡ ਹਮਲੇ ਦੇ ਪੀੜਤਾਂ ਲਈ ਕੀਤੀ ਪ੍ਰਾਰਥਨਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਪ੍ਰਾਰਥਨਾ ਕੀਤੀ। ਇਸ ਦੇ ਨਾਲ ਹੀ ਸਾਰੇ ਧਰਮਾਂ ਦੇ ਲੋਕਾਂ ਵਿਰੁੱਧ ਹਿੰਸਾ ਅਤੇ ਅੱਤਵਾਦ ਦੇ ਖਾਤਮੇ ਦੀ ਗੱਲ ਕਹੀ। ਉਨ੍ਹਾਂ ਨੇ ‘ਨੈਸ਼ਨਲ ਡੇਅ ਆਫ ਪ੍ਰੇਅਰ’ ਤੋਂ ਪਹਿਲਾਂ ਦੀ ਸ਼ਾਮ ਨੂੰ ਇਹ ਗੱਲ ਕੀਤੀ। ਹਰੇਕ ਸਾਲ ਮਈ ਮਹੀਨੇ ਵੀਰਵਾਰ ਨੂੰ ਰਾਸ਼ਟਰੀ ਪ੍ਰਾਰਥਨਾ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਸ ਨੂੰ 1952 ਵਿਚ ਅਮਰੀਕੀ ਕਾਂਗਰਸ ਦੇ ਇਕ ਸਾਂਝੇ ਪ੍ਰਸਤਾਵ ਦੇ ਮਾਧਿਅਮ ਨਾਲ ਸ਼ੁਰੂ ਕੀਤਾ ਗਿਆ ਸੀ ਜਿਸ ‘ਤੇ ਰਾਸ਼ਟਰਪਤੀ ਹੈਰੀ ਐੱਸ ਟਰੂਮੈਨ ਨੇ ਦਸਤਖਤ ਕਰ ਕੇ ਇਸ ਨੂੰ ਕਾਨੂੰਨ ਬਣਾ ਦਿੱਤਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਧਰਮਾਂ ਦੇ ਸੀਨੀਅਰ ਨੇਤਾਵਾਂ ਨੂੰ ਵ੍ਹਾਈਟ ਹਾਊਸ ਵਿਚ ਰਾਤ ਦੇ ਭੋਜਨ ਦੌਰਾਨ ਸੰਬੋਧਿਤ ਕੀਤਾ। ਇਸ ਦੌਰਾਨ ਸਿੱਖ ਅਤੇ ਹਿੰਦੂ ਧਰਮ ਦੇ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ।

VIA PUNJAB