ਇਸ਼ਾਂਤ ਤੇ ਅਮਿਤ ਦਾ ਕਮਾਲ, ਰਾਜਸਥਾਨ ਪਲੇਅ-ਆਫ ਦੌੜ ’ਚੋਂ ਬਾਹਰ

ਇਸ਼ਾਂਤ ਸ਼ਰਮਾ ਅਤੇ ਅਮਿਤ ਮਿਸ਼ਰਾ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਕੇ ਰਾਜਸਥਾਨ ਰੌਇਲਜ਼ ਦੀਆਂ ਪਲੇਅ-ਆਫ ਦੌੜ ਵਿੱਚ ਬਚੀਆਂ-ਖੁੱਚੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ ਅਤੇ ਆਈਪੀਐਲ ਸੂਚੀ ਵਿੱਚ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਦਿੱਲੀ ਨੇ ਜਿੱਤ 23 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਈ। ਇਸ਼ਾਂਤ ਸ਼ਰਮਾ (38 ਦੌੜਾਂ ਦੇ ਕੇ) ਅਤੇ ਅਮਿਤ ਮਿਸ਼ਰਾ (17 ਦੌੜਾਂ ਦੇ ਕੇ) ਤਿੰਨ-ਤਿੰਨ ਵਿਕਟਾਂ ਝਟਕਾਈਆਂ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਿਆਨ ਪਰਾਗ ਦੀਆਂ 50 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 115 ਦੌੜਾਂ ਬਣਾਈਆਂ ਸਨ। ਦਿੱਲੀ ਲਈ ਨਾਬਾਦ ਨੀਮ ਸੈਂਕੜਾ ਪਾਰੀ ਖੇਡਣ ਵਾਲੇ ਰਿਸ਼ਭ ਪੰਤ ਨੇ 17ਵੇਂ ਓਵਰ ਦੀ ਪਹਿਲੀ ਗੇਂਦ ’ਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਜਿੱਤ ਮਗਰੋਂ ਦਿੱਲੀ ਦੀ ਟੀਮ ਨੇ ਇੱਥੇ ਆਪਣੇ ਘਰੇਲੂ ਮੈਦਾਨ ਦਾ ਚੱਕਰ ਮਾਰ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (ਅੱਠ ਦੌੜਾਂ) ਅਤੇ ਸ਼ਿਖਰ ਧਵਨ (16 ਦੌੜਾਂ) ਨੇ ਤਿੰਨ ਓਵਰਾਂ ਵਿੱਚ 28 ਦੌੜਾਂ ਬਣਾ ਕੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ। ਈਸ਼ ਸੋਢੀ ਨੇ ਦੋਵਾਂ ਨੂੰ ਪੈਵਿਲੀਅਨ ਭੇਜ ਕੇ ਰਾਜਸਥਾਨ ਦੀ ਵਾਪਸੀ ਕਰਵਾਈ। ਦਿੱਲੀ ’ਤੇ ਇਨ੍ਹਾਂ ਦੋ ਝਟਕਿਆਂ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਪੰਤ ਨਾਲ ਤੇਜ਼ਤਰਾਰ ਪਾਰੀ ਜਾਰੀ ਰੱਖੀ। ਇਸ ਤੋਂ ਪਹਿਲਾਂ ‘ਕਰੋ ਜਾਂ ਮਰੋ’ ਦੇ ਮੈਚ ਵਿੱਚ ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਇਸ਼ਾਂਤ ਦੇ ਸ਼ੁਰੂਆਤੀ ਝਟਕਿਆਂ ਤੋਂ ਟੀਮ ਉਭਰ ਨਹੀਂ ਸਕੀ। ਆਸਾਮ ਦੇ 17 ਸਾਲ ਦੇ ਰਿਆਨ ਪਰਾਗ ਨੇ ਨੀਮ ਸੈਂਕੜਾ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ। ਪਰਾਗ ਨੇ 49 ਗੇਂਦਾਂ ਵਿੱਚ 50 ਦੌੜਾਂ (ਚਾਰ ਚੌਕੇ ਅਤੇ ਦੋ ਛੱਕੇ) ਬਣਾਈਆਂ। ਰਾਜਸਥਾਨ ਦਾ ਕਪਤਾਨ ਰਹਾਣੇ (ਦੋ ਦੌੜਾਂ) ਦੂਜੇ ਓਵਰ ਵਿੱਚ ਇਸ਼ਾਂਤ ਸ਼ਰਮਾ ਦੀ ਗੇਂਦ ’ਤੇ ਵੱਡਾ ਸ਼ਾਟ ਖੇਡਣ ਦੇ ਚੱਕਰ ਵਿੱਚ ਸ਼ਿਖਰ ਧਵਨ ਨੂੰ ਕੈਚ ਦੇ ਬੈਠਾ। ਪਾਰੀ ਦੇ ਚੌਥੇ ਓਵਰ ਵਿੱਚ ਕੀਮੋ ਪੌਲ ਹੱਥੋਂ ਸਲਾਮੀ ਬੱਲੇਬਾਜ਼ ਲਿਆਮ ਲਿਵਿੰਗਸਟੋਨ ਦਾ ਕੈਚ ਨਿਕਲ ਕੇ ਚੌਕੇ ਲਈ ਚਲਾ ਗਿਆ, ਪਰ ਇਸ਼ਾਂਤ ਸ਼ਰਮਾ ਨੇ ਉਸ ਨੂੰ ਅਗਲੀ ਹੀ ਗੇਂਦ ’ਤੇ ਆਊਟ ਕਰ ਦਿੱਤਾ।

VIA PUNJAB