ਰਾਹੁਲ ਦੇ ਚੌਥੇ ਨੰਬਰ ’ਤੇ ਪ੍ਰਦਰਸ਼ਨ ਤੋਂ ਕੋਹਲੀ ਖ਼ੁਸ਼

ਵਿਸ਼ਵ ਕੱਪ ਤੋਂ ਪਹਿਲਾਂ ਚੌਥੇ ਨੰਬਰ ’ਤੇ ਕੇਐਲ ਰਾਹੁਲ ਦੇ ਸੈਂਕੜੇ ਤੋਂ ਖ਼ੁਸ਼ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਦੋਵਾਂ ਅਭਿਆਸ ਮੈਚਾਂ ਵਿੱਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੇ ਖ਼ਰਾਬ ਪ੍ਰਦਰਸ਼ਨ ਬਾਰੇ ਬੇਫ਼ਿਕਰ ਹੈ। ਕਪਤਾਨ ਨੇ ਸੰਕੇਤ ਦਿੱਤਾ ਕਿ ਰਾਹੁਲ ਚੌਥੇ ਨੰਬਰ ਲਈ ਆਪਣੀ ਥਾਂ ਪੱਕੀ ਕਰ ਚੁੱਕਿਆ ਹੈ। ਉਸ ਨੇ ਬੰਗਲਾਦੇਸ਼ ਖ਼ਿਲਾਫ਼ ਆਖ਼ਰੀ ਅਭਿਆਸ ਮੈਚ ਵਿੱਚ ਚੌਥੇ ਨੰਬਰ ’ਤੇ 99 ਗੇਂਦਾਂ ਵਿੱਚ 108 ਦੌੜਾਂ ਬਣਾਈਆਂ ਅਤੇ ਭਾਰਤ ਨੇ ਇਹ ਮੈਚ 95 ਦੌੜਾਂ ਨਾਲ ਜਿੱਤਿਆ। ਕੋਹਲੀ ਨੇ ਕਿਹਾ, ‘‘ਦੋਵਾਂ ਅਭਿਆਸ ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਾਡੇ ਸਾਹਮਣੇ ਦੋ ਚੰਗੀਆਂ ਚੁਣੌਤੀਆਂ ਸਨ। ਇਸ ਮੈਚ ਦੀ ਸ਼ਾਨਦਾਰ ਚੀਜ਼ ਰਾਹੁਲ ਦੀ ਚੌਥੇ ਨੰਬਰ ’ਤੇ ਬੱਲੇਬਾਜ਼ੀ ਰਹੀ। ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਦਾ ਪਤਾ ਹੈ। ਅਹਿਮ ਇਹ ਹੈ ਕਿ ਉਸ ਨੇ ਦੌੜਾਂ ਬਣਾਈਆਂ ਅਤੇ ਉਹ ਸ਼ਾਨਦਾਰ ਬੱਲੇਬਾਜ਼ ਹੈ।’’ ਉਸ ਨੇ ਕਿਹਾ, ‘‘ਮਹਿੰਦਰ ਸਿੰਘ ਧੋਨੀ ਅਤੇ ਹਾਰਦਿਕ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਧੋਨੀ ਨੇ 78 ਗੇਂਦਾਂ ਵਿੱਚ 113 ਅਤੇ ਪਾਂਡਿਆ ਨੇ 11 ਗੇਂਦਾਂ ਵਿੱਚ 21 ਦੌੜਾਂ ਬਣਾਈਆਂ।’’ ਭਾਰਤ ਪੰਜ ਜੂਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਕਰੇਗਾ।

VIA PUNJAB