ਅਮਰੀਕਾ ਚਾਹੁੰਦੈ ਭਾਰਤੀਆਂ ਲਈ ਐਚ1ਬੀ ਵੀਜ਼ਾ ਚ ਕਟੌਤੀ

ਵਾਸ਼ਿੰਗਟਨ – ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਐਚ-1ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ ‘ਤੇ ਲਾਗੂ ਕੀਤਾ ਜਾਵੇਗਾ, ਜੋ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਇਥੇ ਡਾਟਾ ਇਕੱਠਾ ਕਰਨ ਲਈ ਬਾਉਂਡ ਕਰਦੀ ਹੈ। ਦੋ ਚੋਟੀ ਦੇ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਅਮਰੀਕੀ ਯੋਜਨਾ ਬਾਰੇ ਦੱਸਿਆ ਗਿਆ। ਇਸ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਨੂੰ ਹਰ ਸਾਲ 10 ਵਿਚੋਂ 15 ਫੀਸਦੀ ਕੋਟਾ ਹੀ ਮਿਲੇਗਾ। ਦੱਸ ਦਈਏ ਕਿ ਅਮਰੀਕਾ ਹਰ ਸਾਲ 85,000 ਲੋਕਾਂ ਨੂੰ ਐਚ1ਬੀ ਵੀਜ਼ਾ ਦਿੰਦਾ ਹੈ, ਜਿਸ ਵਿਚੋਂ 70 ਫੀਸਦੀ ਵੀਜ਼ਾ ਭਾਰਤ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਪਰ ਹੁਣ ਇਸ ਵਿਚ ਕਟੌਤੀ ਕੀਤੀ ਜਾ ਸਕਦੀ ਹੈ।ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ, ਜਦੋਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਕੁਝ ਹੀ ਦਿਨਾਂ ਬਾਅਦ ਭਾਰਤ ਦੌਰੇ ‘ਤੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟੈਰਿਫ ਅਤੇ ਟ੍ਰੇਡ ਵਾਰ ਦੇ ਚੱਲਦੇ ਅਜਿਹਾ ਹੋ ਰਿਹਾ ਹੈ। ਦਰਅਸਲ ਹਾਲ ਦੇ ਦਿਨਾਂ ਵਿਚ ਟੈਰਿਫ ਵਾਰ ਦੇ ਚੱਲਦੇ ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਵਿਚ ਕੁੜੱਤਣ ਆ ਗਈ ਹੈ। ਐਤਵਾਰ ਨੂੰ ਭਾਰਤ ਨੇ ਅਮਰੀਕੀ ਵਸਤਾਂ ‘ਤੇ ਵਾਧੂ ਟੈਕਸ ਲਗਾਉਣ ਦਾ ਐਲਾਨ ਕੀਤਾ। ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਪਿਛਲੇ ਦਿਨੀਂ ਅਮਰੀਕਾ ਨੇ ਭਾਰਤ ਨੂੰ ਵਪਾਰ ਵਿਚ ਮਿਲਣ ਵਾਲੀ ਕੁਝ ਛੋਟ ਨੂੰ ਖਤਮ ਕਰ ਦਿੱਤਾ ਸੀ।

VIA PUNJAB