ਵਿੰਡੀਜ਼ ਖ਼ਿਲਾਫ਼ ਕ੍ਰਿਕਟ ਲੜੀ ’ਚ ਕੋਹਲੀ ਤੇ ਬੁਮਰਾਹ ਨੂੰ ਆਰਾਮ

ਸਾਊਥੈਂਪਟਨ – ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਤਿੰਨ ਅਗਸਤ ਤੋਂ ਵੈਸਟ ਇੰਡੀਜ਼ ਖ਼ਿਲਾਫ਼ ਅਮਰੀਕਾ ਅਤੇ ਕੈਰੇਬਿਆਈ ਧਰਤੀ ’ਤੇ ਹੋਣ ਵਾਲੀਆਂ ਸੀਮਤ ਓਵਰਾਂ ਦੀ ਲੜੀਆਂ ਤੋਂ ਆਰਾਮ ਦਿੱਤਾ ਜਾਵੇਗਾ। ਹਾਲਾਂਕਿ ਕੋਹਲੀ ਅਤੇ ਬੁਮਰਾਹ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਵਾਪਸੀ ਕਰਨਗੇ, ਜੋ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਵਿਰਾਟ ਅਤੇ ਜਸਪ੍ਰੀਤ ਨੂੰ ਤਿੰਨ ਮੈਚਾਂ ਦੀ ਟੀ-20 ਅਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਆਰਾਮ ਦਿੱਤਾ ਜਾਵੇਗਾ। ਵਿਰਾਟ ਆਸਟਰੇਲੀਆ ਲੜੀ ਦੇ ਸ਼ੁਰੂ ਹੋਣ ਮਗਰੋਂ ਤੋਂ ਹੀ ਖੇਡ ਰਿਹਾ ਹੈ ਅਤੇ ਬੁਮਰਾਹ ਦੀ ਜ਼ਿੰਮੇਵਾਰੀ ਵੀ ਆਲਾ ਦਰਜੇ ਦੀ ਹੈ। ਉਹ ਟੈਸਟ ਲੜੀ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ।’’ਵਿਸ਼ਵ ਕੱਪ ਦੀ ਚੁਣੌਤੀਪੂਰਨ ਮੁਹਿੰਮ ਮਗਰੋਂ ਕੁੱਝ ਹੋਰ ਖਿਡਾਰੀਆਂ ਨੂੰ ਵੀ ਇਸ ਲੜੀ ਦੌਰਾਨ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤ ਜੇਕਰ ਫਾਈਨਲ ਵਿੱਚ ਪਹੁੰਚਦਾ ਹੈ ਤਾਂਮੁੱਖ ਖਿਡਾਰੀ 14 ਜੁਲਾਈ ਤੱਕ ਖੇਡਣਗੇ, ਜਿਸ ਨਾਲ ਮੁੱਖ ਬੱਲੇਬਾਜ਼ਾਂ ਅਤੇ ਕੁੱਝ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਜ਼ਰੂਰੀ ਹੋਵੇਗਾ। ਬੀਸੀਸੀਆਈ ਨੇ ਕ੍ਰਿਕਟ ਵੈਸਟ ਇੰਡੀਜ਼ ਨਾਲ ਮਿਲ ਕੇ ਅਜਿਹਾ ਪ੍ਰੋਗਰਾਮ ਬਣਾਇਆ ਹੈ ਕਿ ਟੈਸਟ ਮੈਚ ਹੁਣ ਟੀ-20 ਅਤੇ ਇੱਕ ਰੋਜ਼ਾ ਮਗਰੋਂ ਹੀ ਖੇਡੇ ਜਾਣਗੇ। ਉਸ ਨੇ ਕਿਹਾ, ‘‘ਪਹਿਲਾ ਟੈਸਟ 22 ਅਗਸਤ ਤੋਂ ਐਂਟਿਗਾ ਵਿੱਚ ਸ਼ੁਰੂ ਹੋਵੇਗਾ ਅਤੇ ਵਿਸ਼ਵ ਕੱਪ ਟੀਮ ਵਿੱਚ ਮੁੱਖ ਖਿਡਾਰੀਆਂ ਲਈ ਆਰਾਮ ਕਰਨ ਦਾ ਕਾਫ਼ੀ ਸਮਾਂ ਹੋਵੇਗਾ।’’ਉਮੀਦ ਹੈ ਕਿ ਕੋਹਲੀ ਅਤੇ ਬੁਮਰਾਹ 17 ਤੋਂ 19 ਅਗਸਤ ਤੱਕ ਐਂਟਿਗਾ ਵਿੱਚ ਚੱਲਣ ਵਾਲੇ ਤਿੰਨ ਰੋਜ਼ਾ ਅਭਿਆਸ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ।

VIA PUNJAB