ਅੰਪਾਇਰ ’ਤੇ ਦਬਾਅ ਬਣਾਉਣ ਕਾਰਨ ਕੋਹਲੀ ਨੂੰ ਜੁਰਮਾਨਾ

ਸਾਊਥੈਂਪਟਨ – ਅਫ਼ਗਾਨਿਸਤਾਨ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ ਦੌਰਾਨ ਹਮਲਾਵਰ ਢੰਗ ਨਾਲ ਅਪੀਲ ਕਰਨ ਕਾਰਨ ਸ਼ਨਿੱਚਰਵਾਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਸੀਸੀ ਬਿਆਨ ਅਨੁਸਾਰ, ‘‘ਕੋਹਲੀ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੀ ਆਈਸੀਸੀ ਦੇ ਜ਼ਾਬਤੇ ਦੀ ਧਾਰਾ 2.1 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ, ਜੋ ਇੱਕ ਕੌਮਾਂਤਰੀ ਮੈਚ ਦੌਰਾਨ ਬਹੁਤ ਜ਼ਿਆਦਾ ਅਪੀਲ ਕਰਨ ਨਾਲ ਸਬੰਧਿਤ ਹੈ।’’ ਸ਼ਨਿੱਚਰਵਾਰ ਨੂੰ ਮੈਚ ਦੌਰਾਨ ਇਹ ਘਟਨਾ ਅਫ਼ਗਾਨਿਸਤਾਨ ਦੀ ਪਾਰੀ ਦੇ 29ਵੇਂ ਓਵਰ ਵਿੱਚ ਵਾਪਰੀ, ਜਦੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਅਫ਼ਗਾਨ ਬੱਲੇਬਾਜ਼ ਰਹਿਮਤ ਸ਼ਾਹ ਨੂੰ ਐਲਬੀਡਬਲਯੂ ਆਊਟ ਕਰਨ ਦੀ ਅਪੀਲ ਕੀਤੀ ਗਈ ਸੀ। ਆਊਟ ਨਾ ਦੇਣ ’ਤੇ ਕੋਹਲੀ ਅੰਪਾਇਰ ਅਲੀਮ ਡਾਰ ਵੱਲ ਵਧਿਆ। ਇਹ ਆਈਸੀਸੀ ਜ਼ਾਬਤੇ ਦੇ ਲੇਵਲ ਇੱਕ ਦੀ ਉਲੰਘਣਾ ਹੈ, ਜਿਸ ਵਿੱਚ ਘੱਟ ਤੋਂ ਘੱਟ ਸਜ਼ਾ ਅਧਿਕਾਰੀ ਦੀ ਫਟਕਾਰ ਹੁੰਦੀ ਹੈ, ਜਦਕਿ ਵੱਧ ਤੋਂ ਵੱਧ ਸਜ਼ਾ ਖਿਡਾਰੀ ਦੀ ਮੈਚ ਫ਼ੀਸ ਤੋਂ 50 ਫ਼ੀਸਦੀ ਕਟੌਤੀ, ਇੱਕ ਜਾਂ ਦੋ ਡੀਮੈਰਿਟ ਅੰਕ ਹੁੰਦੇ ਹਨ। ਕੋਹਲੀ ਨੇ ਅਪਰਾਧ ਅਤੇ ਜੁਰਮਾਨੇ ਨੂੰ ਕਬੂਲ ਕਰ ਲਿਆ ਹੈ, ਜੋ ਮੈਚ ਰੈਫਰੀਆਂ ਦੇ ਐਮੀਰੇਟਸ ਆਈਸੀਸੀ ਇਲੀਟ ਪੈਨਲ ਮੈਚ ਰੈਫਰੀ ਕ੍ਰਿਸ ਬਰੌਡ ਵੱਲੋਂ ਲਾਇਆ ਗਿਆ ਸੀ। ਇਸ ਲਈ ਅਧਿਕਾਰਤ ਸੁਣਵਾਈ ਦੀ ਲੋੜ ਨਹੀਂ ਪਈ। ਇਸ ਤੋਂ ਇਲਾਵਾ ਕੋਹਲੀ ਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ ਡੀਮੈਰਿਟ ਅੰਕ ਜੁੜ ਗਿਆ ਹੈ, ਜੋ ਸਤੰਬਰ 2016 ਵਿੱਚ ਸੋਧ ਜ਼ਾਬਤੇ ਦੇ ਆਉਣ ਮਗਰੋਂ ਉਸ ਦਾ ਦੂਜਾ ਅਪਰਾਧ ਹੈ। ਕੋਹਲੀ ਦੇ ਹੁਣ ਦੋ ਡੀਮੈਰਿਟ ਅੰਕ ਹਨ। ਉਸ ਨੂੰ 15 ਜਨਵਰੀ 2018 ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਪ੍ਰਿਟੋਰੀਆ ਟੈਸਟ ਦੌਰਾਨ ਇੱਕ ਡੀਮੈਰਿਟ ਅੰਕ ਮਿਲਿਆ ਸੀ। ਜਦੋਂ ਇੱਕ ਖਿਡਾਰੀ 24 ਮਹੀਨਿਆਂ ਦੇ ਅੰਦਰ ਚਾਰ ਜਾਂ ਇਸ ਤੋਂ ਵੱਧ ਅੰਕ ’ਤੇ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਮੁਅੱਤਲੀ ਅੰਕ ਵਿੱਚ ਬਦਲ ਦਿੱਤਾ ਜਾਂਦਾ ਹੈ ਅਤੇ ਖਿਡਾਰੀ ’ਤੇ ਪਾਬੰਦੀ ਲਾਈ ਜਾਂਦੀ ਹੈ।

VIA PUNJAB