ਇੰਡੋਨੇਸ਼ੀਆ ਓਪਨ ਸਿੰਧੂ ਸੈਮੀ ਫਾਈਨਲ ’ਚ

ਭਾਰਤ ਦੀ ਸਿਖ਼ਰਲੀ ਸ਼ਟਲਰ ਪੀ.ਵੀ. ਸਿੰਧੂ ਨੇ ਅੱਜ ਇੱਥੇ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਸਿੱਧੇ ਗੇਮ ਵਿੱਚ ਹਰਾ ਕੇ ਇੰਡੋਨੇਸ਼ੀਆ ਓਪਨ ਬੈਡਮਿੰਟ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ।ਓਲੰਪਿਕ ਤਗ਼ਮਾ ਜੇਤੂ ਅਤੇ ਇੱਥੇ ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਜਾਪਾਨ ਦੀ ਤੀਜਾ ਦਰਜਾ ਪ੍ਰਾਪਤ ਖਿਡਾਰਨ ਓਕੂਹਾਰਾ ਨੂੰ 21-14, 21-7 ਨਾਲ ਹਰਾਉਣ ਲਈ ਕਿਸੇ ਤਰ੍ਹਾਂ ਦੀ ਮਸ਼ੱਕਤ ਨਹੀਂ ਕਰਨੀ ਪਈ। ਇਹ ਮੈਚ ਸਿਰਫ਼ 44 ਮਿੰਟ ਤੱਕ ਚੱਲਿਆ। ਇਹ ਭਾਰਤੀ ਖਿਡਾਰਨ ਬੀਡਬਲਿਊਐੱਫ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਚੀਨ ਦੀ ਦੂਜਾ ਦਰਜਾ ਪ੍ਰਾਪਤ ਚੇਨ ਯੂ ਫੇਈ ਨਾਲ ਭਿੜੇਗੀ। ਸਿੰਧੂ ਨੇ ਸ਼ੁਰੂ ਤੋਂ ਹੀ ਮੁਕਾਬਲੇ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ। ਉਸ ਨੇ ਲੈਅ ਹਾਸਲ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲਗਾਇਆ। ਇਕ ਸਮੇਂ ਸਕੋਰ 6-6 ਨਾਲ ਬਰਾਬਰੀ ’ਤੇ ਸੀ ਪਰ ਉਸ ਤੋਂ ਬਾਅਦ ਭਾਰਤੀ ਖਿਡਾਰਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਿੰਧੂ ਨੇ ਲਗਾਤਾਰ ਚਾਰ ਅੰਕ ਬਣਾ ਕੇ 10-6 ਨਾਲ ਬੜ੍ਹਤ ਬਣਾਈ।

VIA PUNJAB