ਸਾਊਦੀ ਤੇਲ ਰਿਫਾਇਨਰੀਆਂ ’ਤੇ ਹਮਲੇ ਦੇ ਜਵਾਬ ਲਈ ਅਮਰੀਕਾ ਤਿਆਰ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਾਊਦੀ ਅਰਬ ਦੀਆਂ ਦੋ ਤੇਲ ਰਿਫਾਇਨਰੀਆਂ ’ਤੇ ਹੋਏ ਡਰੋਨ ਹਮਲਿਆਂ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਰਿਆਧ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ।ਉਧਰ ਅਮਰੀਕਾ ਨੇ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਟਰੰਪ ਨੇ ਟਵਿੱਟਰ ’ਤੇ ਕਿਹਾ ਕਿ ਦੋਸ਼ੀ ਦਾ ਅਮਰੀਕਾ ਨੂੰ ਪਤਾ ਹੈ ਪਰ ਉਹ ਸਾਊਦੀ ਅਰਬ ਤੋਂ ਜਾਨਣਾ ਚਾਹੁੰਦੇ ਹਨ ਕਿ ਹਮਲੇ ਪਿੱਛੇ ਕੌਣ ਹੈ। ਰਾਸ਼ਟਰਪਤੀ ਨੇ ਇਸ ਸਪੱਸ਼ਟ ਨਹੀਂ ਕੀਤਾ ਕਿ ਅਮਰੀਕੀ ਖ਼ੁਫ਼ੀਆ ਏਜੰਸੀਆਂ ਹਮਲਿਆਂ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਉਂਜ ਯਮਨ ਦੇ ਹੂਤੀ ਬਾਗ਼ੀਆਂ ਨੇ ਅਰਾਮਕੋ ਕੰਪਨੀ ਦੇ ਤੇਲ ਪਲਾਂਟਾਂ ’ਤੇ ਹਮਲਿਆਂ ਦੀ ਜ਼ਿੰਮੇਵਾਰੀ ਕਬੂਲੀ ਹੈ ਜਿਸ ਨੂੰ ਇਰਾਨ ਦਾ ਥਾਪੜਾ ਹਾਸਲ ਹੈ। ਸ਼ਨਿਚਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਹਮਲੇ ਲਈ ਸਿੱਧੇ ਇਰਾਨ ਨੂੰ ਦੋਸ਼ੀ ਠਹਿਰਾਇਆ ਸੀ ਜਦਕਿ ਇਰਾਨ ਸਰਕਾਰ ਨੇ ਹਮਲੇ ’ਚ ਆਪਣੀ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਂਜ ਸਾਊਦੀ ਅਰਬ ਵੱਲੋਂ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਹਮਲੇ ਯਮਨ ’ਚ ਹੂਤੀ ਦੇ ਕਬਜ਼ੇ ਵਾਲੇ ਇਲਾਕੇ ’ਚੋਂ ਨਹੀਂ ਸਗੋਂ ਪੱਛਮ-ਉੱਤਰ-ਪੱਛਮ ਦਿਸ਼ਾ ਵੱਲੋਂ ਹੋਏ। ਬੀਬੀਸੀ ਦੀ ਰਿਪੋਰਟ ਮੁਤਾਬਕ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਹਮਲੇ ਉੱਤਰੀ ਖਾੜੀ, ਇਰਾਨ ਜਾਂ ਇਰਾਕ ਤੋਂ ਹੋਏ ਜਾਪਦੇ ਹਨ।

VIA PUNJAB