ਯੂਐਨ ਆਮ ਸਭਾ ਵਿੱਚ ਹੋ ਸਕਦੀ ਹੈ ਸਵਰਾਜ-ਕੁਰੈਸ਼ੀ ਮੁਲਾਕਾਤ

ਇਸਲਾਮਾਬਾਦ – ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਨਵੇਂ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੌਰਾਨ ਅਮਰੀਕਾ ਵਿੱਚ ਇਕ ਦੂਜੇ ਨਾਲ ‘ਸੰਭਾਵੀ’ ਮੁਲਾਕਾਤ ਕਰ ਸਕਦੇ ਹਨ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇਮਰਾਨ ਖ਼ਾਨ ਵੱਲੋਂ 18 ਅਗਸਤ ਨੂੰ ਪਾਕਿਸਤਾਨ ਦੇ 22ਵੇਂ ਵਜ਼ੀਰੇ ਆਜ਼ਮ ਵਜੋਂ ਹਲਫ਼ ਲੈਣ ਮਗਰੋਂ ਦੋਵਾਂ ਮੁਲਕਾਂ ਵਿੱਚ ਮੰਤਰੀ ਪੱਧਰ ਦੀ ਇਹ ਪਲੇਠੀ ਦੁਵੱਲੀ ਗੱਲਬਾਤ ਹੋ ਸਕਦੀ ਹੈ। ਡਾਅਨ ਅਖ਼ਬਾਰ ਨੇ ਅਮਰੀਕਾ ਵਿੱਚ ਮੌਜੂਦ ਸੀਨੀਅਰ ਪਾਕਿਸਤਾਨੀ ਸਫ਼ੀਰ ਦੇ ਹਵਾਲੇ ਨਾਲ ਕਿਹਾ, ‘ਅਜਿਹੀ ਮੀਟਿੰਗ (ਸਵਰਾਜ ਤੇ ਕੁਰੈਸ਼ੀ ਵਿਚਾਲੇ) ਦੀ ਸੰਭਾਵਨਾ ਹੈ, ਪਰ ਅਜੇ ਤਕ ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ।’ ਉਧਰ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਵੀ ਸਵਰਾਜ ਤੇ ਕੁਰੈਸ਼ੀ ਵਿਚਾਲੇ ਅਜਿਹੀ ਕਿਸੇ ਮੀਟਿੰਗ ਬਾਰੇ ਐਲਾਨ ਨਹੀਂ ਕੀਤਾ। ਸੰਯੁਕਤ ਰਾਸ਼ਟਰ ਦੀ ਆਮ ਸਭਾ ਦਾ 73ਵਾਂ ਇਜਲਾਸ 18 ਸਤੰਬਰ ਨੂੰ ਨਿਊ ਯਾਰਕ ਵਿੱਚ ਸ਼ੁਰੂ ਹੋਵੇਗਾ। ਯੂਐਨ ਵੱਲੋਂ ਇਜਲਾਸ ਵਿੱਚ ਤਕਰੀਰ ਕਰਨ ਵਾਲੇ ਬੁਲਾਰਿਆਂ ਦੀ ਜਾਰੀ ਆਰਜ਼ੀ ਸੂਚੀ ਮੁਤਾਬਕ ਸ੍ਰੀਮਤੀ ਸਵਰਾਜ ਆਮ ਸਭਾ ਦੇ ਇਸ ਸਾਲਾਨਾ ਇਜਲਾਸ ਨੂੰ 29 ਸਤੰਬਰ ਨੂੰ ਸੰਬੋਧਨ ਕਰਨਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਯੂਐਨ ਦੀ ਆਮ ਸਭਾ ਲਈ ਆਪਣੇ ਏਜੰਡੇ ਬਾਰੇ ਅਜੇ ਕੁੱਝ ਸਪਸ਼ਟ ਨਹੀਂ ਕੀਤਾ ਕਿਉਂਕਿ ਅਜੇ ਤਕ ਇਹ ਫ਼ੈਸਲਾ ਨਹੀਂ ਹੋ ਸਕਿਆ ਕਿ ਇਸ ਆਲਮੀ ਸੰਸਥਾ ਵਿੱਚ ਮੁਲਕ ਦੀ ਨੁਮਾਇੰਦਗੀ ਕੌਣ ਕਰੇਗਾ। ਉਧਰ ਮੀਡੀਆ ਰਿਪੋਰਟਾਂ ਤੋਂ ਇਹ ਵੀ ਸੰਕੇਤ ਮਿਲਿਆ ਹੈ ਕਿ ਖ਼ਾਨ ਸਰਕਾਰੀ ਖ਼ਰਚਿਆਂ ਨੂੰ ਘਟਾਉਣ ਦੇ ਆਪਣੇ ਯਤਨਾਂ ਤਹਿਤ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੇ ਇਜਲਾਸ ਤੋਂ ਲਾਂਭੇ ਵੀ ਰਹਿ ਸਕਦੇ ਹਨ। ਕਈ ਪਾਕਿਸਤਾਨੀ ਸਫ਼ੀਰਾਂ ਤੇ ਸਿਆਸੀ ਟਿੱਪਣੀਕਾਰਾਂ ਨੇ ਖ਼ਾਨ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

VIA PUNJAB