ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਰਾਹੁਲ ਕਾਠਮੰਡੂ ਪਹੁੰਚੇ

ਕਾਠਮੰਡੂ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤਿੱਬਤ ਸਥਿਤ ਕੈਲਾਸ਼ ਮਾਨਸਰੋਵਰ ਯਾਤਰਾ ਦੌਰਾਨ ਅੱਜ ਨੇਪਾਲ ਦੀ ਰਾਜਧਾਨੀ ਪਹੁੰਚ ਗਏ ਹਨ। ਕਾਂਗਰਸ ਪ੍ਰਧਾਨ ਅੱਜ ਬਾਅਦ ਦੁਪਹਿਰ ਦੋ ਵਜੇ ਕਾਠਮੰਡੂ ਪਹੁੰਚੇ। ਉਹ ਇੱਕ ਦਿਨ ਕਾਠਮੰਡੂ ਰੁਕਣ ਮਗਰੋਂ ਭਲਕੇ ਨੇਪਾਲਗੰਜ ਵੱਲ ਚਾਲੇ ਪਾਉਣਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਤੀਰਥ ਯਾਤਰਾ ਦਾ ਮਕਸਦ ਦੇਸ਼ ਅਤੇ ਦੇਸ਼ ਦੀ ਜਨਤਾ ਲਈ ਖੁਸ਼ਹਾਲੀ ਤੇ ਕਾਮਯਾਬੀ ਲਈ ਭਗਵਾਨ ਸ਼ਿਵ ਦਾ ਆਸ਼ੀਰਵਾਦ ਹਾਸਲ ਕਰਨਾ ਹੈ। ਇਹ ਯਾਤਰਾ ਤਕਰੀਬਨ 12 ਤੋਂ 15 ਦਿਨ ਤੱਕ ਚੱਲੇਗੀ। ਸ੍ਰੀ ਸੁਰਜੇਵਾਲਾ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਯਾਤਰਾ ਦੇ ਰੂਟ ਦੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ, ‘ਸ਼ਿਵ ਭਗਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ਲਈ ਰਵਾਨਾ ਹੋ ਗਏ ਹਨ ਜਿੱਥੇ ਉਹ ਕੈਲਾਸ਼ ਪਰਬਤ ਤੇ ਮਾਨਸਰੋਵਰ ਦੀ ਪਰਿਕਰਮਾ ਕਰਨਗੇ। ਯਾਤਰਾ ’ਚ ਤਰੀਬ 12 ਤੋਂ 15 ਦਿਨ ਲੱਗਣਗੇ, ਪਰ ਸੁਰੱਖਿਆ ਕਾਰਨਾਂ ਕਰਕੇ ਯਾਤਰਾ ਦੇ ਅਸਲ ਮਾਰਗ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।’ ਕਾਂਗਰਸ ਆਗੂ ਨੇ ਭਾਜਪਾ ’ਤੇ ਯਾਤਰਾ ’ਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਵੀ ਲਾਇਆ। ਕੈਲਾਸ਼ ਮਾਨਸਰੋਵਰ ਯਾਤਰਾ ਹਰ ਸਾਲ ਜੂਨ ਤੋਂ ਸਤੰਬਰ ਵਿਚਾਲੇ ਹੁੰਦੀ ਹੈ।

VIA PUNJAB