ਪਾਕਿ ਨੂੰ ਝਟਕਾ, 30 ਕਰੋੜ ਡਾਲਰ ਦੀ ਮਦਦ ਦੇਣ ‘ਤੇ ਮੁੜ ਵਿਚਾਰ ਚਾਹੁੰਦਾ ਹੈ ਪੇਂਟਾਗਨ

ਵਾਸ਼ਿੰਗਟਨ – ਪੇਂਟਾਗਨ ਨੇ ਅਮਰੀਕੀ ਸੰਸਦ ਨੂੰ ਅਪੀਲ ਕੀਤੀ ਹੈ ਕਿ ਉਹ ਕੋਲੀਜਨ ਸਪੋਰਟ ਫੰਡ ਦੇ ਤਹਿਤ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਰਾਸ਼ੀ ‘ਤੇ ਮੁੜ ਵਿਚਾਰ ਕਰੇ ਕਿਉਂਕਿ ਪਾਕਿਸਤਾਨ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਅੱਤਵਾਦ ਵਿਰੁੱਧ ਠੋਸ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ। ਪੇਂਟਾਗਨ ਦੇ ਬੁਲਾਰੇ ਕੋਨ ਫਕਨਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਪਾਕਿਸਤਾਨ ਵੱਲੋਂ ਅੱਤਵਾਦ ਵਿਰੁੱਧ ਠੋਸ ਕਾਰਵਾਈ ਨਾ ਹੋਣ ਕਾਰਨ 30 ਕਰੋੜ ਡਾਲਰ ਦੀ ਰਾਸ਼ੀ ‘ਤੇ ਮੁੜ ਵਿਚਾਰ ਕੀਤਾ ਗਿਆ ਹੈ। ਰੱਖਿਆ ਵਿਭਾਗ ਨੇ ਜੂਨ/ਜੁਲਾਈ 2018 ਵਿਚ ਇਸ ‘ਤੇ ਵਿਚਾਰ ਕੀਤਾ ਕਿਉਂਕਿ 30 ਸਤੰਬਰ 2018 ਨੂੰ ਇਸ ਫੰਡ ਦੀ ਵਰਤੋਂ ਦੀ ਮਿਆਦ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਰੱਖਿਆ ਵਿਭਾਗ ਹੁਣ ਤੱਕ ਕੋਲੀਜਨ ਸਪੋਰਟ ਫੰਡ ਦੇ ਰੂਪ ਵਿਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 80 ਕਰੋੜ ਦੀ ਰਾਸ਼ੀ ‘ਤੇ ਮੁੜ ਵਿਚਾਰ ਕਰ ਚੁੱਕਿਆ ਹੈ। ਇਸ ਫੰਡ ‘ਤੇ ਮੁੜ ਵਿਚਾਰ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਇਹ ਸਰਟੀਫਿਕੇਟ ਦੇਣ ਤੋਂ ਇਨਕਾਰ ਕੀਤਾ ਹੈ ਕਿ ਪਾਕਿਸਤਾਨ ਨੇ ਹੱਕਾਨੀ ਨੈੱਟਵਰਕ ਅਤੇ ਲਸ਼ਕਰ-ਏ-ਤੈਅਬਾ ਵਿਰੁੱਧ ਸਖਤ ਕਦਮ ਚੁੱਕੇ ਹਨ। ਇਕ ਸਵਾਲ ਦੇ ਜਵਾਬ ਵਿਚ ਫਕਨਰ ਨੇ ਕਿਹਾ ਇਹ ਕੋਈ ਨਵਾਂ ਫੈਸਲਾ ਜਾਂ ਨਵਾਂ ਐਲਾਨ ਨਹੀਂ ਹੈ।

VIA PUNJAB