ਟੈਸਟ ਦਰਜਾਬੰਦੀ ਵਿੱਚ ਵਿਰਾਟ ਸਿਖਰ ਉੱਤੇ ਬਰਕਰਾਰ

ਦੁਬਈ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਦੇ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ (ਰੈਂਕਿੰਗ) ਵਿੱਚ ਆਪਣਾ ਪਲੇਠਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਤਿੰਨ ਪੌੜੀਆਂ ਉਤਾਂਹ ਚੜ੍ਹ ਕੇ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰਲੇ 20 ਖਿਡਾਰੀਆਂ ਵਿੱਚ ਵਾਪਸੀ ਕੀਤੀ ਹੈ। ਕੋਹਲੀ ਨੇ ਇੰਗਲੈਂਡ ਦੇ ਖ਼ਿਲਾਫ਼ ਚੌਥੇ ਟੈਸਟ ਵਿੱਚ 46 ਤੇ 58 ਦੌੜਾਂ ਦੀ ਪਾਰੀ ਤੋਂ ਬਾਅਦ ਕਰੀਅਰ ਦੇ ਸਭ ਤੋਂ ਵੱਧ 937 ਰੇਟਿੰਗ ਅੰਕ ਹਾਸਲ ਕੀਤੇ। ਰੇਟਿੰਗ ਅੰਕ ਦੇ ਲਿਹਾਜ਼ ਨਾਲ ਕੋਹਲੀ ਹੁਣ ਤੱਕ ਬੀਤੇ ਸਮੇਂ ਦੇ ਸਰਵੋਤਮ ਬੱਲੇਬਾਜ਼ਾਂ ਦੀ ਸੂਚੀ ਵਿੱਚ 11ਵੇਂ ਨੰਬਰ ’ਤੇ ਹਨ। ਇੰਗਲੈਂਡ ਦੇ ਖ਼ਿਲਾਫ਼ ਜਾਰੀ ਟੈਸਟ ਲੜੀ ਵਿੱਚ ਕੋਹਲੀ ਹੁਣ ਤੱਕ 544 ਦੌੜਾਂ ਬਣਾ ਚੁੱਕੇ ਹਨ। ਚੇਤੇਸ਼ਵਰ ਪੁਜਾਰਾ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਛੇਵੇਂ ਸਥਾਨ ’ਤੇ ਹਨ। ਉਹ ਭਾਰਤ ਦੇ ਦੂਜੇ ਬਿਹਤਰੀਨ ਬੱਲੇਬਾਜ਼ ਹਨ। ਟੈਸਟ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਸ਼ਮੀ 19ਵੇਂ ਸਥਾਨ ’ਤੇ ਹੈ ਅਤੇ ਇਸ਼ਾਂਤ ਸ਼ਰਮਾ 25ਵੇਂ ਸਥਾਨ ’ਤੇ ਹਨ।

VIA PUNJAB