ਅੰਤਿਮ ਟੈਸਟ ਵਿੱਚ ਕੁੱਕ ਨੇ ਜੜਿਆ ਨੀਮ ਸੈਂਕੜਾ

ਲੰਡਨ – ਸਲਾਮੀ ਬੱਲੇਬਾਜ਼ ਅਲਸਟੇਅਰ ਕੁੱਕ ਨੇ ਆਪਣੇ ਅੰਤਿਮ ਮੈਚ ਵਿੱਚ ਨੀਮ ਸੈਂਕੜਾ ਮਾਰ ਕੇ ਇੰਗਲੈਂਡ ਨੂੰ ਚੰਗੀ ਸ਼ੁਰੂਆਤ ਦਿਵਾਈ, ਜਿਸ ਨਾਲ ਮੇਜ਼ਬਾਨ ਟੀਮ ਨੇ ਭਾਰਤ ਖ਼ਿਲਾਫ਼ ਪੰਜਵੇਂ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਅੱਜ ਅੱਠ ਵਿਕਟਾਂ ’ਤੇ 198 ਦੌੜਾਂ ਬਣਾਈਆਂ। ਆਪਣਾ ਆਖ਼ਰੀ ਮੈਚ ਖੇਡ ਰਹੇ ਕੁੱਕ ਨੇ ਬਹੁਤ ਹੀ ਹੌਲੀ ਬੱਲੇਬਾਜ਼ੀ ਕੀਤੀ, ਪਰ ਉਹ ਪਿਛਲੀਆਂ ਨੌਂ ਪਾਰੀਆਂ ਮਗਰੋਂ ਪਹਿਲੀ ਵਾਰ 50 ਦੌੜਾਂ ਦੀ ਗਿਣਤੀ ਨੂੰ ਪਾਰ ਕਰਨ ਵਿੱਚ ਸਫਲ ਰਿਹਾ। ਉਸ ਨੇ 190 ਗੇਂਦਾਂ ਦਾ ਸਾਹਮਣਾ ਕਰਦਿਆਂ 71 ਦੌੜਾਂ ਬਣਾਈਆਂ। ਕੁੱਕ ਅਤੇ ਕਪਤਾਨ ਜੋਏ ਰੂਟ (ਸਿਫ਼ਰ) ਦੀਆਂ ਵਿਕਟਾਂ ਜਸਪ੍ਰੀਤ ਬੁਮਰਾਹ ਨੇ ਲਈਆਂ। ਜੌਨੀ ਬੇਅਰਸਟੋ (ਸਿਫ਼ਰ) ਅਤੇ ਮੋਇਨ ਅਲੀ (50) ਨੂੰ ਇਸ਼ਾਂਤ ਸ਼ਰਮਾ ਨੇ ਆਊਟ ਕੀਤਾ। ਇਸ ਤੋਂ ਬਾਅਦ ਬੈਨ ਸਟੌਕਸ ਦੀ ਵਿਕਟ ਰਵਿੰਦਰ ਜਡੇਜਾ ਨੇ ਲਈ। ਚਾਹ ਦੇ ਆਰਾਮ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੁੱਕ ਨੇ ਕੀਟਨ ਜੇਨਿੰਗਜ਼ ਨਾਲ ਮਿਲ ਕੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਭਾਰਤੀ ਤੇਜ਼ ਗੇਂਦਬਾਜ਼ੀ ਦਾ ਪੂਰੀ ਤਰ੍ਹਾਂ ਸਾਹਮਣਾ ਕੀਤਾ।

VIA PUNJAB