ਸਵਰਾਜ ਅਤੇ ਰੂਸੀ ਹਮਰੁਤਬਾ ਵੱਲੋਂ ਦੁਵੱਲੇ ਸਹਿਯੋਗ ਦਾ ਲੇਖਾ ਜੋਖਾ

ਮਾਸਕੋ – ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੂਸ ਦੇ ਡਿਪਟੀ ਪ੍ਧਾਨ ਮੰਤਰੀ ਯੂਰੀ ਬੋਰੀਸੋਵ ਨੇ ਸ਼ੁੱਕਰਵਾਰ ਨੂੰ ਇਥੇ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਇਸ ਮੌਕੇ ਕਾਰੋਬਾਰ ਅਤੇ ਨਿਵੇਸ਼, ਸਾਇੰਸ ਅਤੇ ਤਕਨਾਲੋਜੀ, ਸਭਿਆਚਾਰ ਅਤੇ ਹੋਰ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਦਾ ਲੇਖਾ ਜੋਖਾ ਕੀਤਾ। ਦੋਵੇਂ ਆਗੂਆਂ ਨੇ ਭਾਰਤ-ਰੂਸ ਇੰਟਰ ਗਵਰਨਮੈਂਟਲ ਕਮਿਸ਼ਨ ਆਨ ਟੈਕਨੀਕਲ ਐਂਡ ਇਕਨਾਮਿਕਸ ਕਾਰਪੋਰੇਸ਼ਨ (ਆਈਆਰਆਈਜੀਸੀ-ਟੈਕ) ਦੇ 23ਵੇਂ ਪ੍ਰੋਗਰਾਮ ਦੀ ਅਗਵਾਈ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਭਾਰਤ ਰੂਸ ਵਿਚਾਲੇ ਸਾਰੇ ਖੇਤਰਾਂ ਵਿੱਚ ਆਪਸੀ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਵਿਕਾਸ ਦੇ ਨਵੇਂ ਮੌਕੇ ਲੱਭਣਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਰੂਸ ਨਾਲ ਦੁਵੱਲੇ ਸਬੰਧਾਂ ਨੂੰ ਬਹੁਤ ਮਹੱਤਵ ਦਿੰਦੇ ਹਨ। ਉਹ ਇਥੇ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਦੌਰਾਨ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਦੇ ਦੌਰੇ ਦੀ ਯੋਜਨਾ ਹੈ।

VIA PUNJAB