ਭਾਰਤ ਦਾ ਵੈਸਟ ਇੰਡੀਜ਼ ਖ਼ਿਲਾਫ਼ ਦੂਜਾ ਟੈਸਟ ਮੈਚ ਅੱਜ ਤੋਂ

ਹੈਦਰਾਬਾਦ – ਵੈਸਟ ਇੰਡੀਜ਼ ਖ਼ਿਲਾਫ਼ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਮਗਰੋਂ ਨੰਬਰ ਇੱਕ ਭਾਰਤੀ ਕ੍ਰਿਕਟ ਟੀਮ ਸ਼ੁਕਰਵਾਰ ਤੋਂ ਹੈਦਰਾਬਾਦ ਵਿੱੱਚ ਸ਼ੁਰੂ ਹੋਣ ਜਾ ਰਹੇ ਦੂਜੇ ਕ੍ਰਿਕਟ ਟੈਸਟ ਵਿੱਚ ਵੀ ਜਿੱਤ ਨਾਲ ਵੈਸਟ ਇੰਡੀਜ਼ ’ਤੇ 2-0 ਨਾਲ ਹੂੰਝਾ ਫੇਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੈਸਟ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਅਤੇ ਦੂਜੇ ਮੈਚ ਵਿੱਚ ਵੀ ਉਸੇ ਟੀਮ ਨੂੰ ਉਤਾਰਨ ਦਾ ਐਲਾਨ ਕੀਤਾ ਹੈ। ਇਸ ਵਿੱਚ ਬੱਲੇਬਾਜ਼ ਮਯੰਕ ਅਗਰਵਾਲ ਨੂੰ ਇੱਕ ਵਾਰ ਫਿਰ ਪਲੇਠਾ ਟੈਸਟ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ, ਜਦਕਿ ਰਿਸ਼ਭ ਪੰਤ ਨੂੰ ਵਿਕਟਕੀਪਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਯੰਕ ਦੇ ਅਗਲੇ ਆਸਟਰੇਲੀਆ ਦੌਰੇ ਨੂੰ ਲੈ ਕੇ ਖੇਡਣ ਸਬੰਧੀ ਵੀ ਸ਼ੰਕੇ ਖੜ੍ਹੇ ਹੋ ਗਏ ਹਨ। ਇਸ ਅਹਿਮ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਕੋਲ ਸਲਾਮੀ ਜੋੜੀ ਅਤੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਪਰਖਣ ਦਾ ਵਧੀਆ ਮੌਕਾ ਰਹੇਗਾ। ਰਾਜਕੋਟ ਟੈਸਟ ਦੇ ਪਲੇਠੇ ਮੈਚ ਵਿੱਚ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਸ ਤੋਂ ਇਹੀ ਲੈਅ ਨਾਲ ਖੇਡਣ ਦੀ ਉਮੀਦ ਰਹੇਗੀ। ਕਪਤਾਨ ਵਿਰਾਟ ਕੋਹਲੀ ਇਸ ਮੈਚ ਵਿੱਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ-ਉਲ-ਹੱਕ ਦੇ 25 ਟੈਸਟ ਸੈਂਕੜਿਆਂ ਦੀ ਬਰਾਬਰੀ ਕਰ ਸਕਦਾ ਹੈ। ਦੂਜੇ ਪਾਸੇ, ਟੀਮ ਵਿੱਚ ਕਈ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਦਾ ਪ੍ਰਦਰਸ਼ਨ ਸਵਾਲਾਂ ਦੇ ਘੇਰੇ ਵਿੱਚ ਹੈ। ਵਿਰਾਟ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਹਾਲਾਂਕਿ ਰਾਜਕੋਟ ਟੈਸਟ ਵਿੱਚ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 139 ਦੌੜਾਂ ਦੀ ਪਾਰੀ ਖੇਡੀ ਸੀ। ਅਤੇ ਸਭ ਤੋਂ ਤੇਜ਼ 24 ਟੈਸਟ ਪੂਰੇ ਕਰਨ ਵਾਲੇ ਡਾਨ ਬ੍ਰੈਡਮੈਨ ਮਗਰੋਂ ਦੂਜਾ ਬੱਲੇਬਾਜ਼ ਬਣ ਗਿਆ ਹੈ।

VIA PUNJAB