ਪਾਕਿਸਤਾਨ ਦੀ ਆਸਟਰੇਲੀਆ ’ਤੇ ਇਤਿਹਾਸਕ ਜਿੱਤ

ਅਬੂਧਾਬੀ – ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ ਦੇ ਖ਼ਤਰਨਾਕ ਪ੍ਰਦਰਸ਼ਨ ਦੀ ਬਦੌਲਤ ਪਾਕਿਸਤਾਨ ਨੇ ਆਸਟਰੇਲੀਆ ਨੂੰ ਦੂਜੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ ਅੱਜ 373 ਦੌੜਾਂ ਨਾਲ ਹਰਾ ਕੇ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ ਹੈ। ਪਾਕਿਸਤਾਨ ਨੇ ਇਸ ਦੇ ਨਾਲ ਹੀ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ ਹੈ। ਆਸਟਰੇਲੀਆ ਨੇ ਪਹਿਲਾ ਟੈਸਟ ਕਾਫ਼ੀ ਮੁਸ਼ਕਲ ਨਾਲ ਡਰਾਅ ਕਰਵਾਇਆ ਸੀ, ਪਰ ਦੂਜੇ ਮੈਚ ਵਿੱਚ ਟੀਚਾ ਇੰਨ੍ਹਾਂ ਵੱਡਾ ਸੀ ਕਿ ਟੀਮ ਇਸ ਸਾਹਮਣੇ ਟਿਕ ਨਹੀਂ ਸਕੀ। ਪਾਕਿਸਤਾਨ ਨੇ ਆਸਟਰੇਲੀਆ ਸਾਹਮਣੇ 538 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ਵਿੱਚ ਆਸਟਰੇਲਿਆਈ ਟੀਮ 49.4 ਓਵਰਾਂ ਵਿੱਚ ਸਿਰਫ਼ 164 ਦੌੜਾਂ ’ਤੇ ਆਊਟ ਹੋ ਗਈ। ਪਹਿਲੀ ਪਾਰੀ ਵਿੱਚ 33 ਦੌੜਾਂ ’ਤੇ ਪੰਜ ਵਿਕਟਾਂ ਲੈਣ ਵਾਲੇ 28 ਸਾਲਾ ਅੱਬਾਸ ਨੇ ਦੂਜੀ ਪਾਰੀ ਵਿੱਚ ਵੀ ਇਹੀ ਸਿਲਸਿਲਾ ਜਾਰੀ ਰੱਖਿਆ ਅਤੇ 62 ਦੌੜਾਂ ’ਤੇ ਪੰਜ ਵਿਕਟਾਂ ਲੈ ਕੇ ਆਸਟਰੇਲੀਆ ਨੂੰ ਢੇਰ ਕਰ ਦਿੱਤਾ। ਅੱਬਾਸ ਦੇ ਕਰੀਅਰ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਉਸ ਨੇ ਇੱਕ ਟੈਸਟ ਵਿੱਚ ਦਸ ਵਿਕਟਾਂ ਹਾਸਲ ਕੀਤੀਆਂ ਹਨ।

VIA PUNJAB