ਭਾਰਤੀ ਜੋੜੇ ਦੀ ਕੈਲੀਫੋਰਨੀਆ ਵਿਚ 800 ਫੁੱਟ ਉਚਾਈ ਤੋਂ ਡਿੱਗਣ ਕਾਰਨ ਮੌਤ

ਨਿਊ ਯਾਰਕ – ਕੈਲੀਫੋਰਨੀਆ ਦੇ ਯੋਜ਼ੇਮਾਈਟ ਨੈਸ਼ਨਲ ਪਾਰਕ ਵਿੱਚ ਇਸ ਹਫ਼ਤੇ ਇਕ ਭਾਰਤੀ ਜੋੜੇ ਦੀ 800 ਫੁੱਟ ਉੱਚੀ ਚੋਟੀ ਤੋਂ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਵਿਸ਼ਨੂੰ ਵਿਸ਼ਵਨਾਥ (29) ਅਤੇ ਉਸ ਦੀ ਪਤਨੀ ਮੀਨਾਕਸ਼ੀ ਮੂਰਤੀ (30) ਵਜੋਂ ਹੋਈ ਹੈ ਜੋ ਅਮਰੀਕਾ ਵਿੱਚ ਰਹਿੰਦੇ ਸਨ। ‘ਸਾਂ ਫਰਾਂਸਿਸਕੋ ਕਰੌਨੀਕਲ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਜੋੜਾ ਹਾਲ ਹੀ ਵਿਚ ਨਿਊਯਾਰਕ ਤੋਂ ਸਾਂ ਹੋਜ਼ੇ ਤਬਦੀਲ ਹੋਇਆ ਸੀ ਜਿੱਥੇ ਵਿਸ਼ਵਨਾਥ ਨੂੰ ਸਿਸਕੋ ਕੰਪਨੀ ਵਿਚ ਸਿਸਟਮਜ਼ ਇੰਜੀਨੀਅਰ ਵਜੋਂ ਨੌਕਰੀ ਮਿਲੀ ਸੀ। ਜੋੜਾ ਦੁਨੀਆ ਭਰ ਵਿੱਚ ਖ਼ਤਰਨਾਕ ਥਾਵਾਂ ਦੀ ਸੈਰ ਕਰਦਾ ਰਹਿੰਦਾ ਸੀ ਤੇ ਆਪਣਾ ਇਕ ਬਲੌਗ ‘ਹੌਲੀਡੇਅਜ਼ ਐਂਡ ਹੈਪਿਲੀਐਵਰਆਫਟਰਜ਼’ ਲਿਖਦੇ ਸਨ। ਲੰਘੇ ਵੀਰਵਾਰ ਇਨ੍ਹਾਂ ਦੀਆਂ ਲਾਸ਼ਾਂ ਟੈਫਟ ਪੁਆਇੰਟ ਹੇਠੋਂ ਰੇਂਜਰਜ਼ ਨੂੰ ਮਿਲੀਆਂ ਸਨ ਜੋ ਯੋਜ਼ੇਮਾਈਟ ਵੈਲੀ, ਯੋਜ਼ੇਮਾਈਟ ਫਾਲਜ਼ ਤੇ ਅਲ ਕੈਪਟੇਨ ਆਉਣ ਵਾਲੇ ਲੋਕਾਂ ਦੀ ਪਸੰਦੀਦਾ ਜਗ੍ਹਾ ਹੈ। ਇਕ ਦਿਨ ਪਹਿਲਾਂ ਕਿਸੇ ਨੇ ਇਹ ਲਾਸ਼ਾਂ ਉੱਥੇ ਦੇਖੀਆਂ ਸਨ। ਪਾਰਕ ਦੇ ਤਰਜਮਾਨ ਜੇਮੀ ਰਿਚਰਡਜ਼ ਨੇ ਅਖ਼ਬਾਰ ਨੂੰ ਦੱਸਿਆ ‘‘ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਘਟਨਾ ਕਿਵੇਂ ਵਾਪਰੀ। ਸ਼ਾਇਦ ਸਾਨੂੰ ਇਸ ਤ੍ਰਾਸਦਿਕ ਘਟਨਾ ਦਾ ਸਾਰਾ ਵੇਰਵਾ ਕਦੇ ਵੀ ਪਤਾ ਨਾ ਚੱਲ ਸਕੇ।’’

VIA PUNJAB