IPL 2019 ਫਾਈਨਲ ਲਈ ਆਖਰੀ ਮੌਕਾ

ਵਿਸ਼ਾਖਾਪਟਨਮ – ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਨਵੇਂ ਚਿਹਰਿਆਂ ਨਾਲ ਉੱਤਰੀ ਦਿੱਲੀ ਕੈਪੀਟਲਸ ਨੇ ਨਵੇਂ ਰੰਗ ਵੀ ਦਿਖਾਏ ਅਤੇ ਟੂਰਨਾਮੈਂਟ ਵਿਚ ਆਪਣਾ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਦੂਜੇ ਕੁਆਲੀਫਾਇਰ ਵਿਚ ਪਹੁੰਚ ਗਈ। ਹਾਲਾਂਕਿ ਪਹਿਲੀ ਵਾਰ ਫਾਈਨਲ ਵਿਚ ਪਹੁੰਚਣ ਦੇ ਰਸਤੇ ਵਿਚ ਸ਼ੁੱਕਰਵਾਰ ਨੂੰ ਉਸ ਨੂੰ 3 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਸਭ ਤੋਂ ਵੱਡੇ ਅੜਿੱਕੇ ਨੂੰ ਪਾਰ ਕਰਨਾ ਪਵੇਗਾ।ਦਿੱਲੀ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਰੋਮਾਂਚਕ ਐਲਿਮੀਨੇਟਰ ਮੁਕਾਬਲੇ ਵਿਚ ਇਕ ਗੇਂਦ ਬਾਕੀ ਰਹਿੰਦਿਆਂ 2 ਵਿਕਟਾਂ ਨਾਲ ਹਰਾਇਆ ਸੀ, ਜਦਕਿ ਚੇਨਈ ਨੂੰ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਰਹਿਣ ਦਾ ਫਾਇਦਾ ਮਿਲਿਆ ਤੇ ਉਹ ਪਹਿਲੇ ਕੁਆਲੀਫਾਇਰ ਵਿਚ ਮੁੰਬਈ ਹੱਥੋਂ ਆਪਣੇ ਹੀ ਮੈਦਾਨ ‘ਤੇ 6 ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਹੁਣ ਕੁਆਲੀਫਾਇਰ-2 ਵਿਚ ਦੂਜੇ ਤੇ ਆਖਰੀ ਮੌਕੇ ਦਾ ਲਾਭ ਚੁੱਕਣ ਉੱਤਰੇਗੀ।ਸਾਬਕਾ ਚੈਂਪੀਅਨ ਤੇ ਤਿੰਨ ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤ ਚੁੱਕੀ ਚੇਨਈ ਨੂੰ 3 ਵਾਰ ਦੀ ਚੈਂਪੀਅਨ ਮੁੰਬਈ ਨੇ ਹਰਾਇਆ ਸੀ ਪਰ ਲੀਗ ਦੇ ਪਿਛਲੇ ਸੈਸ਼ਨ ਵਿਚ ਫਾਡੀ ਰਹੀ ਦਿੱਲੀ ਕੀ ਉਸ ਨੂੰ ਹਰਾਉਂਦੀ ਹੈ, ਇਸ ‘ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਚੇਨਈ ਮੁੰਬਈ ਹੱਥੋਂ ਹਾਰ ਕੇ ਸਿੱਧੇ ਫਾਈਨਲ ਦੀ ਟਿਕਟ ਹਾਸਲ ਕਰਨ ਤੋਂ ਖੁੰਝ ਗਈ ਸੀ, ਜਿਸ ਦੇ ਲਈ ਉਸਦੇ ਬੱਲੇਬਾਜ਼ ਜ਼ਿੰਮੇਵਾਰ ਰਹੇ। ਖੁਦ ਕਪਤਾਨ ਧੋਨੀ ਨੇ ਵੀ ਖਿਡਾਰੀਆਂ ਨੂੰ ਘਰੇਲੂ ਮੈਦਾਨ ‘ਤੇ ਵੀ ਹਾਲਾਤ ਦੀ ਸਮਝ ਨਾ ਹੋਣ ਤੇ ਖਰਾਬ ਪ੍ਰਦਰਸ਼ਨ ਲਈ ਲਤਾੜਿਆ ਸੀ। ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਦਿੱਲੀ ਵਿਰੁੱਧ ਪਹਿਲਾਂ ਤੋਂ ਬਿਹਤਰ ਰਣਨੀਤੀ ਨਾਲ ਉੱਤਰੇਗੀ।

VIA PUNJAB