Skip to content
• ਬਾਬਾ ਧੁੰਮਾ ਤੋਂ ਖਫ਼ਾ ਧਾਰਮਿਕ ਆਗੂਆਂ ਤੇ ਪ੍ਰਚਾਰਕਾਂ ਨੇ ਤਿਆਰ ਕੀਤਾ ਵੱਖਰਾ ਮੰਚ
ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜੁਲਾਈ
ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਚੁਣੌਤੀ ਦੇਣ ਲਈ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਗਠਿਤ ਕੀਤੀ ‘ਪੰਥਕ ਅਕਾਲੀ ਲਹਿਰ’ ਦੇ ਧਾਰਮਿਕ ਵਿੰਗ ‘ਗੁਰਮਤਿ ਪ੍ਰਚਾਰਕ ਖ਼ਾਲਸਾ ਦਲ’ ਵਲੋਂ ਧਰਮ ਪ੍ਰਚਾਰ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੂੰ ਚੁਣੌਤੀ ਦੇਣ ਲਈ ਪੰਜਾਬ ਦੀ ਗੰਭੀਰ ਸਮੱਸਿਆ ਨਸ਼ਿਆਂ ਨੂੰ ਲੈ ਕੇ ਸਮਾਜਿਕ ਚੇਤਨਾ ਲਹਿਰ ਚਲਾਉਣ ਦਾ ਐਲਾਨ ਕੀਤਾ ਗਿਆ ਹੈ।
ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ‘ਗੁਰਮਤਿ ਪ੍ਰਚਾਰਕ ਖ਼ਾਲਸਾ ਦਲ’ ਦੀ ਸੂਬਾ ਪੱਧਰੀ ਹੋਈ ਮੀਟਿੰਗ ਤੋਂ ਬਾਅਦ ਦਲ ਦੇ ਅਹੁਦੇਦਾਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਮਹਿੰਦਰ ਸਿੰਘ ਭੜੀ ਵਾਲੇ, ਭਾਈ ਉਮਰਾਉ ਸਿੰਘ ਲੰਮਿਆ ਵਾਲੇ, ਸਿੱਖ ਚਿੰਤਕ ਤੇ ਬੁੱਧੀਜੀਵੀ ਹਰਜਿੰਦਰ ਸਿੰਘ ਭੰਗੂ, ਗਿਆਨੀ ਸਿਮਰਜੋਤ ਸਿੰਘ, ਗਿਆਨੀ ਅਵਤਾਰ ਸਿੰਘ ਅਤੇ ਗਿਆਨੀ ਦਵਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਅੱਜ ਦੀ ਮੀਟਿੰਗ ਵਿਚ ਪਿੰਡਾਂ, ਸ਼ਹਿਰਾਂ ਦੇ ਪੱਧਰ ‘ਤੇ ਮਜ਼ਬੂਤੀ ਲਈ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਉਦੇਸ਼ ਧਰਮ ਪ੍ਰਚਾਰ ਦੀ ਲਹਿਰ ਨੂੰ ਪਿੰਡਾਂ, ਸ਼ਹਿਰਾਂ ਦੇ ਪੱਧਰ ‘ਤੇ ਜ਼ਮੀਨੀ ਰੂਪ ਵਿਚ ਪ੍ਰਚੰਡ ਕਰਨਾ ਹੈ, ਕਿਉਂਕਿ ਸਿੱਖਾਂ ਦੇ ਦਸਵੰਧ ਨਾਲ ਚੱਲਦੀ ਲਗਭਗ 11 ਅਰਬ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੀ ਥਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਿਆਸੀ ਪ੍ਰਚਾਰ ਦਾ ਵਿੰਗ ਬਣ ਕੇ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ‘ਗੁਰਮਤਿ ਪ੍ਰਚਾਰ ਖ਼ਾਲਸਾ ਦਲ’ ਜਲਦ ਹੀ ਪੰਜਾਬ ‘ਚ ਜ਼ਿਲ੍ਹਾ ਪੱਧਰੀ ਪ੍ਰਚਾਰਕਾਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਸ਼ਿਆਂ ਖ਼ਿਲਾਫ਼ ਸੈਮੀਨਾਰ ਅਤੇ ਮਾਰਚ ਕੱਢ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਵੇਗਾ। ਧਾਰਮਿਕ ਪ੍ਰਚਾਰਕਾਂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਅੱਜ ਪੰਜਾਬ ਦੀ ਸਭ ਤੋਂ ਗੰਭੀਰ ਸਮੱਸਿਆ ਹੈ ਅਤੇ ਇਸ ਦਾ ਹੱਲ ਧਾਰਮਿਕ ਅਤੇ ਸਮਾਜਿਕ ਪੱਧਰ ‘ਤੇ ਸਾਂਝੇ ਯਤਨਾਂ ਦੇ ਨਾਲ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ‘ਗੁਰਮਤਿ ਪ੍ਰਚਾਰਕ ਖ਼ਾਲਸਾ ਦਲ’ ਬਹੁਤ ਜਲਦ ਪੰਜਾਬ ਅਤੇ ਪੰਥਕ ਸਰੋਕਾਰਾਂ ਨੂੰ ਮੁੱਖ ਰੱਖਦਿਆਂ ਆਪਣੇ ਨੀਤੀਗਤ ਫ਼ੈਸਲੇ ਅਤੇ ਭਵਿੱਖੀ ਸੇਵਾਵਾਂ ਦਾ ਐਲਾਨ ਵੀ ਕਰੇਗਾ।
ਜ਼ਿਕਰਯੋਗ ਹੈ ਕਿ ‘ਗੁਰਮਤਿ ਪ੍ਰਚਾਰਕ ਖ਼ਾਲਸਾ ਦਲ’ ਵਿਚ ਸ਼ਾਮਲ ਸਾਰੇ ਸਿੱਖ ਧਾਰਮਿਕ ਪ੍ਰਚਾਰਕ ਅਤੇ ਆਗੂ ਕਿਸੇ ਸਮੇਂ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੇ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ ਦੀਆਂ ਮੂਹਰਲੀਆਂ ਸਫ਼ਾਂ ਵਿਚ ਵਿਚਰਦੇ ਰਹੇ ਹਨ ਪਰ ਬਾਬਾ ਹਰਨਾਮ ਸਿੰਘ ਧੁੰਮਾ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਅਕਾਲੀ ਦਲ ਨੂੰ ਸਮਰਥਨ ਦੇਣ ਤੋਂ ਬਾਅਦ ਹੌਲੀ-ਹੌਲੀ ਇਹ ਧਾਰਮਿਕ ਪ੍ਰਚਾਰਕ ਅਤੇ ਆਗੂ ਸੰਤ ਸਮਾਜ ਤੋਂ ਪਾਸੇ ਹੁੰਦੇ ਗਏ। ਡੇਰਾ ਸਿਰਸਾ ਨੂੰ ਮਾਫ਼ੀ ਅਤੇ ਬਰਗਾੜੀ ਕਾਂਡ ਤੋਂ ਬਾਅਦ ਇਨ੍ਹਾਂ ਪ੍ਰਚਾਰਕਾਂ ਨੇ ਸੰਤ ਸਮਾਜ ਦੇ ਬਰਾਬਰ ਦੀ ਧਿਰ ਖੜ੍ਹੀ ਕਰਨ ਲਈ ਕਤਾਰਬੰਦੀ ਸ਼ੁਰੂ ਕਰ ਦਿੱਤੀ ਸੀ।