Skip to content
ਪਿੰਡ ਝੰਗੀ ਪੰਨਵਾਂ ਵਿਖੇ ਗੁਰਮਤਿ ਸਮਾਗਮ ਹੋਇਆ
ਵਾਇਆ ਪੰਜਾਬ ਬਿਊਰੋ
ਡੇਰਾ ਬਾਬਾ ਨਾਨਕ, 21 ਜੁਲਾਈ
ਇਤਿਹਾਸਕ ਮਹੱਤਤਾ ਵਾਲੇ ਸ਼੍ਰੋਮਣੀ ਕਮੇਟੀ ਹਲਕਾ ਡੇਰਾ ਬਾਬਾ ਨਾਨਕ ਵਿਚ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਅਤੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਅਗਵਾਨ ਨੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦੀ ਅਗਵਾਈ ਸੰਭਾਲ ਲਈ ਹੈ।
ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀ ਗੁਰਮਤਿ ਪ੍ਰਚਾਰ ਲਹਿਰ ਤਹਿਤ ਮਾਝਾ ਜ਼ੋਨ ਦੇ ਹਲਕਾ ਡੇਰਾ ਬਾਬਾ ਨਾਨਕ ਵਿਚ ਨੌਜਵਾਨ ਆਗੂ ਭਾਈ ਸੁਖਵਿੰਦਰ ਸਿੰਘ ਅਗਵਾਨ ਦੀ ਅਗਵਾਈ ਵਿੱਚ ਪਿੰਡ ਝੰਗੀ ਪੰਨਵਾਂ ਵਿਖੇ ਮਿਤੀ ਸ਼ੁੱਕਰਵਾਰ ਨੂੰ ਗੁਰਮਤਿ ਸਮਾਗਮ ਹੋਇਆ। ਸਮਾਗਮ ਵਿਚ ਭਾਈ ਜਗਦੀਸ਼ ਸਿੰਘ ਵਡਾਲਾ ਢਾਡੀ ਜਥਾ, ਪ੍ਰਚਾਰਕ ਭਾਈ ਜਗਦੀਪ ਸਿੰਘ ਕਲਾਨੌਰ ਅਤੇ ਭਾਈ ਹਿੰਮਤਬੀਰ ਸਿੰਘ ਵੀਲ੍ਹਾ ਨੇ ਸੰਗਤਾਂ ਨਾਲ ਗੁਰ-ਇਤਿਹਾਸ ਅਤੇ ਗੁਰਮਤਿ ਵੀਚਾਰਾਂ ਦੀ ਸਾਂਝ ਕੀਤੀ।
ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਸਮਾਗਮਾਂ ਦੀ ਹਾਜ਼ਰੀ ਭਰੀ ਅਤੇ ਪਿੰਡ ਦੀਆਂ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸੰਘਾ ਦੀ ਅਗਵਾਈ ਵਿਚ ਡੇਰਾ ਬਾਬਾ ਨਾਨਕ ਦੇ ਹਰ ਪਿੰਡ ਵਿਚ ਇਸੇ ਤਰ੍ਹਾਂ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਸਮਾਗਮ ਕੀਤੇ ਜਾਣਗੇ। ਆਉਂਦੀ 19 ਅਗਸਤ 2108 ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਅੰਮ੍ਰਿਤ ਸੰਚਾਰ ਹੋਣਗੇ ਅਤੇ ਹਰ ਐਤਵਾਰ ਨੂੰ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ-ਦੀਦਾਰੇ ਕਰਵਾਉਣ ਲਈ ਮੁਫਤ ਬੱਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪਿੰਡ ਵਾਸੀਆਂ ਵੱਲੋਂ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਸਮੁੱਚੀ ਪ੍ਰਚਾਰ ਵਹੀਰ ਟੀਮ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਨਰਿੰਦਰ ਸਿੰਘ, ਮਦਨ ਸਿੰਘ, ਚੰਨਣ ਸਿੰਘ, ਜਸਪਾਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਬਾਵਾ ਸਿੰਘ, ਜੱਜਬੀਰ ਸਿੰਘ, ਨਵਦੀਪ ਸਿੰਘ ਅਤੇ ਹੋਰ ਬੇਅੰਤ ਸੰਗਤਾਂ ਹਾਜ਼ਿਰ ਸਨ।