ਇਮਰਾਨ ਖਾਨ ਵਲੋਂ ਕੈਬਨਿਟ ਵਿਚ ਵੱਡੀ ਰੱਦੋਬਦਲ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ ਕੰਮਕਾਜ ਬਾਰੇ ਹੋ ਰਹੀ ਨਿੰਦਾ ਦੌਰਾਨ ਵੀਰਵਾਰ ਨੂੰ ਕੈਬਨਿਟ ਵਿੱਚ ਰੱਦੋ-ਬਦਲ ਕੀਤੀ। ਕੈਬਨਿਟ ਵਿੱਚ ਇਹ ਰੱਦੋ-ਬਦਲ ਵਿੱਤ ਮੰਤਰੀ ਅਸਦ ਉਮਰ ਵਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਕੀਤੀ ਗਈ ਹੈ।ਆਈਐੱਸਆਈ ਦੇ ਸਾਬਕਾ ਅਧਿਕਾਰੀ ਬ੍ਰਿਗੇਡੀਅਰ (ਸੇਵਾਮਕੁਤ) ਇਜਾਜ ਸ਼ਾਹ ਨੂੰ ਗ੍ਰਹਿ ਮੰਤਰਾਲੇ ਦਾ ਮਹੱਤਵਪੂਰਨ ਵਿਭਾਗ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਸੰਸਦੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਸੀ। ਉਹ ਸੈਨਾ ਦੇ ਸਾਬਕਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਦੇ ਵਿਸ਼ਵਾਸਪਾਤਰ ਸਨ। ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਕਥਿਤ ਤੌਰ ’ਤੇ ਜਿਨ੍ਹਾਂ ਤਿੰਨ ਲੋਕਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ, ਉਨ੍ਹਾਂ ਵਿੱਚ ਸ਼ਾਹ ਦਾ ਨਾਮ ਵੀ ਸ਼ਾਮਲ ਸੀ। ਪਿਛਲੇ ਸਾਲ ਮੰਤਰੀ ਮੰਡਲ ’ਚੋਂ ਹਟਾਏ ਗਏ ਆਜ਼ਮ ਸਵਾਤੀ ਨੂੰ ਸੰਸਦੀ ਮਾਮਲਿਆਂ ਦਾ ਮੰਤਰੀ ਨਿਯੁਕਤ ਕੀਤਾ ਗਿਆ ਹੈ। ਮੰਤਰੀ ਮੰਡਲ ਵਿੱਚ ਰੱਦੋਬਦਲ ਤਹਿਤ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੂੰ ਵਿਗਿਆਨ ਅਤੇ ਸੂਚਨਾ ਤਕਨੀਕੀ ਮੰਤਰੀ ਬਣਾਇਆ ਗਿਆ ਹੈ ਜਦਕਿ ਪੈਟਰੋਲੀਅਮ ਮੰਤਰੀ ਗੁਲਾਮ ਸਰਵਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਗਿਆ ਹੈ।

VIA PUNJAB