ਓਂਟਾਰੀਓ ਚੋਣਾਂ ਵਿਚ ਪੰਜਾਬੀ ਪਛੜੇ

ਟੋਰਾਂਟੋ – ਓਂਟਾਰੀਓ ਸੂਬੇ ਵਿਚ ਮਿਉਂਸਿਪਲ ਚੋਣਾਂ ਦੇ ਨਤੀਜੇ ਆ ਗਏ ਹਨ। ਟੋਰਾਂਟੋ ਵਿਚ ਸਿਰਫ਼ 4 ਪੰਜਾਬੀਆਂ ਨੂੰ ਸਫ਼ਲਤਾ ਮਿਲੀ ਹੈ। ਟੋਰਾਂਟੋ ਵਿਚ ਪਿਛਲੇ ਮੇਅਰ ਜੌਹਨ ਟੋਰੀ ਦੁਬਾਰਾ ਕੁਰਸੀ ’ਤੇ ਬੈਠ ਗਏ ਹਨ। ਇਸੇ ਤਰ੍ਹਾਂ ਮਿਸੀਸਾਗਾ ਵਿਚ ਬੌਨੀ ਕਰੌਂਬੀ ਦੁਬਾਰਾ ਮੇਅਰ ਬਣ ਗਈ ਹੈ। ਬਰੈਂਪਟਨ ਦੀ ਪਿਛਲੀ ਮੇਅਰ ਲਿੰਡਾ ਜੈਫਰੀ ਕੋਈ 4 ਹਜ਼ਾਰ ਵੋਟਾਂ ਦੇ ਫਰਕ ਨਾਲ ਸਾਬਕਾ ਸੂਬਾਈ ਕਨਜ਼ਰਵੇਟਿਵ ਪਾਰਟੀ ਲੀਡਰ ਪੈਟਰਿਕ ਬਰਾਊਨ ਤੋਂ ਹਾਰ ਗਈ ਹੈ। ਬਰੈਂਪਟਨ ਦੇ ਵਾਰਡ 9-10 ਵਿਚ ਸਭ ਤੋਂ ਦਿਲਚਸਪ ਸਮਝੇ ਜਾਣ ਵਾਲੇ ਮੁਕਾਬਲੇ ਵਿਚ ਖੇਤਰੀ ਕੌਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਵਿੱਕੀ ਢਿੱਲੋਂ (ਸਾਬਕਾ ਕੌਂਸਲਰ) ਨੂੰ 9092 ਵੋਟਾਂ ਦੇ ਵੱਡੇ ਫਰਕ ਨਾਲ ਪਛਾੜ ਦਿੱਤਾ। ਪਿਛਲੀ ਵਾਰ ਗੁਰਪ੍ਰੀਤ ਢਿੱਲੋਂ ਪਹਿਲੀ ਵਾਰ ਕੌਂਸਲਰ ਬਣੇ ਸਨ। ਇਸ ਵਾਰ ਉਸ ਨੇ ਪੂਰੇ ਓਂਟਾਰੀਓ ਵਿਚ 55.46 ਫ਼ੀਸਦ ਵੋਟਾਂ ਲੈ ਕੇ ਰਿਕਾਰਡ ਬਣਾਇਆ ਹੈ। ਇਸੇ ਵਾਰਡ ਵਿਚ ਸਾਬਕਾ ਸਕੂਲ ਟਰੱਸਟੀ ਹਰਕੀਰਤ ਸਿੰਘ ਕੌਂਸਲਰ ਚੁਣੇ ਗਏ ਹਨ, ਉਨ੍ਹਾਂ 42.87 ਫ਼ੀਸਦ ਵੋਟਾਂ ਹਾਸਲ ਕੀਤੀਆਂ ਹਨ। ਇਸੇ ਵਾਰਡ ਵਿਚ ਬਲਬੀਰ ਸੋਹੀ ਨੇ ਸਕੂਲ ਟਰੱਸਟੀ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਪੱਤਰਕਾਰ ਸੱਤਪਾਲ ਜੌਹਲ ਸਣੇ 11 ਜਣਿਆਂ ਨੂੰ ਮਾਤ ਦਿੱਤੀ। ਮਿਸੀਸਾਗਾ ਵਿਚ ਸਾਬਕਾ ਮੰਤਰੀ ਦੀਪਿਕਾ ਦਮਰਲਾ ਤੇ ਓਕਵਿਲ ਤੋਂ ਜਸਵਿੰਦਰ ਸੰਧੂ ਕੌਂਸਲਰ ਜਿੱਤੇ ਹਨ। ਦੱਸਣਯੋਗ ਹੈ ਕਿ ਸਵਾ ਕਰੋੜ ਤੋਂ ਵੱਧ ਵਸੋਂ ਵਾਲੇ ਓਂਟਾਰੀਓ ਸੂਬੇ ਵਿਚ 444 ਨਗਰ ਪਾਲਿਕਾਵਾਂ ਹਨ।

VIA PUNJAB