ਪਾਕਿ ਦੰਗਾ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ

ਲਾਹੌਰ – ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੰਘੀ ਤੇ ਸੂਬਾਈ ਸਰਕਾਰਾਂ ਨੂੰ ਕੁਫ਼ਰ ਤੋਲਣ ਨਾਲ ਸਬੰਧਤ ਕੇਸ ’ਚ ਈਸਾਈ ਮਹਿਲਾ ਆਸੀਆ ਬੀਬੀ(47) ਦੀ ਰਿਹਾਈ ਮਗਰੋਂ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਇਕ ਮਹੀਨੇ ਅੰਦਰ ਅਦਾ ਕਰਨ ਲਈ ਕਿਹਾ ਹੈ। ਸਿਖਰਲੀ ਅਦਾਲਤ ਨੇ ਪਿਛਲੇ ਸਾਲ ਅਕਤੂਬਰ ਵਿੱਚ ਚਾਰ ਬੱਚਿਆਂ ਦੀ ਮਾਂ ਆਸੀਆ ਬੀਬੀ ਨੂੰ ਕੁਫ਼ਰ ਤੋਲਣ ਦੇ ਦੋਸ਼ ਵਿੱਚ ਅੱਠ ਸਾਲ ਪਹਿਲਾਂ ਸੁਣਾਏ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਉਲਟ ਦਿੱਤਾ ਸੀ। ਇਸ ਇਤਿਹਾਸਕ ਫੈਸਲੇ ਮਗਰੋਂ ਦੇਸ਼ ਭਰ ਵਿੱਚ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਤੇ ਆਸੀਆ ਨੂੰ ਮੂਲਵਾਦੀ ਜਥੇਬੰਦੀਆਂ ਤੋਂ ਮੌਤ ਦੀ ਧਮਕੀਆਂ ਵੀ ਮਿਲੀਆਂ ਸਨ। ਪਾਕਿਸਤਾਨ ਦੇ ਚੀਫ਼ ਜਸਟਿਸ ਸਾਕਿਬ ਨਿਸਾਰ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਸਿਖਰਲੀ ਅਦਾਲਤ ਦੀ ਲਾਹੌਰ ਵਿਚਲੀ ਰਜਿਸਟਰੀ ਵਿੱਚ ਉਪਰੋਕਤ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੋਏ ਜਾਇਦਾਦ ਦੇ ਨੁਕਸਾਨ ਸਬੰਧੀ ਕੇਸ ਦਾ ਖ਼ੁਦ ਬਖ਼ੁਦ ਨੋਟਿਸ ਲੈਂਦਿਆਂ ਮੁਆਵਜ਼ੇ ਸਬੰਧੀ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾਂ ਸਰਕਾਰੀ ਅਧਿਕਾਰੀ ਨੇ ਪ੍ਰਦਰਸ਼ਨਾਂ ਦੌਰਾਨ ਹੋਏ ਨੁਕਸਾਨ ਦੀ ਮੁਲਾਂਕਣ ਰਿਪੋਰਟ ਪੇਸ਼ ਕੀਤੀ। ਸਰਕਾਰ ਵੱਲੋਂ ਪੇਸ਼ ਐਡਵੋਕੇਟ ਜਨਰਲ ਨੇ ਦੱਸਿਆ ਕਿ ਸੰਘੀ ਕੈਬਨਿਟ ਨੇ ਮੁਆਵਜ਼ੇ ਵਜੋਂ 26.2 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਹੈ।

VIA PUNJAB