ਪੁਜਾਰਾ ਦੇ ਨਾਬਾਦ ਸੈਂਕੜੇ ਨਾਲ ਭਾਰਤ ਨੂੰ 27 ਦੌੜਾਂ ਦੀ ਲੀਡ

ਸਾਊਥੈਂਪਟਨ – ਚੇਤੇਸ਼ਵਰ ਪੁਜਾਰਾ ਦੇ ਨਾਬਾਦ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇਥੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਇਕ ਸਿਰਾ ਸੰਭਾਲੀ ਰੱਖਿਆ। ਖ਼ਬਰ ਲਿਖੇ ਜਾਣ ਤਕ ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਭਾਰਤ ਨੂੰ ਸੰਕਟ ’ਚੋਂ ਉਭਾਰਦਿਆਂ ਮੇਜ਼ਬਾਨ ਟੀਮ ਖ਼ਿਲਾਫ਼ 27 ਦੌੜਾਂ ਦੀ ਲੀਡ ਦਿਵਾ ਦਿੱਤੀ। ਭਾਰਤ ਦੀ ਪਹਿਲੀ ਪਾਰੀ 84.5 ਓਵਰਾਂ ਵਿੱਚ 273 ਦੌੜਾਂ ’ਤੇ ਸਿਮਟ ਗਈ। ਪੁਜਾਰਾ ਨੇ ਨਾਬਾਦ 131 ਦੌੜਾਂ ਬਣਾਈਆਂ। ਬੀਤੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 250 ਦੌੜਾਂ ’ਤੇ ਸਿਮਟ ਗਈ ਸੀ। ਮੇਜ਼ਬਾਨ ਟੀਮ ਭਾਰਤ ਤੋਂ ਲੜੀ ’ਚ 2-1 ਨਾਲ ਅੱਗੇ ਹੈ। ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਨੇ ਅੱਜ ਟੈਸਟ ਕ੍ਰਿਕਟ ’ਚ ਆਪਣੀਆਂ ਛੇ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਇਸ ਤੋਂ ਪਹਿਲਾਂ ਭਾਰਤ ਨੇ ਚਾਹ ਦੇ ਸਮੇਂ ਤਕ ਪੰਜ ਵਿਕਟਾਂ ਦੇ ਨੁਕਸਾਨ ਨਾਲ 181 ਦੌੜਾਂ ਬਣਾਈਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਦੇ 46 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਹੋਣ ਮੌਕੇ ਇਕ ਵਾਰ ਤਾਂ ਭਾਰਤੀ ਮੱਧਕ੍ਰਮ ਲੜਖੜਾ ਗਿਆ ਸੀ। ਚਾਹ ਦੀ ਬ੍ਰੇਕ ਸਮੇਂ ਪੁਜਾਰਾ 70 ਦੌੜਾਂ ਨਾਲ ਨਾਬਾਦ ਸੀ, ਜਦੋਂਕਿ ਰਿਸ਼ਭ ਪੰਤ ਚਾਹ ਦੇ ਸਮੇਂ ਤੋਂ ਠੀਕ ਪਹਿਲਾਂ ਆਊਟ ਹੋਇਆ। ਇੰਗਲੈਂਡ ਨੇ ਪੋਸਟ ਲੰਚ ਸੈਸ਼ਨ ਵਿੱਚ ਤਿੰਨ ਵਿਕਟਾਂ ਲੈ ਕੇ ਚੰਗੀ ਵਾਪਸੀ ਕੀਤੀ। ਪੁਜਾਰਾ ਤੇ ਕਪਤਾਨ ਵਿਰਾਟ ਕੋਹਲੀ (46) ਨੇ ਤੀਜੇ ਵਿਕਟ ਲਈ 92 ਦੌੜਾਂ ਦੀ ਭਾਈਵਾਲੀ ਕੀਤੀ, ਪਰ ਭਾਰਤ ਵੱਲੋਂ ਨਿਯਮਤ ਵਕਫ਼ੇ ’ਚ ਵਿਕਟ ਗੁਆਉਣ ਕਰਕੇ ਭਾਰਤ ਦੀਆਂ ਚੰਗੀ ਲੀਡ ਲੈਣ ਦੀਆਂ ਆਸਾਂ ਨੂੰ ਝਟਕਾ ਲੱਗਾ। ਭਾਰਤ ਲਈ ਸ਼ਿਖਰ ਧਵਨ (23) ਤੇ ਲੋਕੇਸ਼ ਰਾਹੁਲ (19) ਨੇ ਪਹਿਲੇ ਵਿਕਟ ਲਈ 37 ਦੌੜਾ ਦੀ ਭਾਈਵਾਲੀ ਕੀਤੀ। ਅਜਿਨਕਿਆ ਰਹਾਣੇ ਨੇ 11 ਜਦੋਂਕਿ ਰਿਸ਼ਭ ਪੰਤ ਬਿਨਾਂ ਖਾਤਾ ਖੋਲ੍ਹਿਆਂ ਤੁਰਦਾ ਬਣਿਆ। ਹਾਰਦਕਿ ਪੰਡਿਆ(4), ਰਵੀਚੰਦਰਨ ਅਸ਼ਵਿਨ(1) ਤੇ ਮੁਹੰਮਦ ਸ਼ਮੀ(0) ਵੀ ਸਸਤੇ ’ਚ ਆਪਣਾ ਵਿਕਟ ਗੁਆ ਬੈਠੇ। ਇੰਗਲੈਂਡ ਲਈ ਮੋਈਨ ਅਲੀ ਨੇ ਸਭ ਤੋਂ ਵਧ ਪੰਜ ਵਿਕਟਾਂ ਲਈਆਂ।

VIA PUNJAB