ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ

ਦੁਬਈ – ਭਾਰਤ ਨੇ ਅੱਜ ਇਥੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਬਹੁਤ ਹੀ ਰੁਮਾਂਚਕ ਫਾਈਨਲ ਮੈਚ ਵਿੱਚ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਉਤੇ ਮੁੜ ਕਬਜ਼ਾ ਕਰ ਲਿਆ। ਭਾਰਤ ਨੇ ਬੰਗਲਾਦੇਸ਼ ਵੱਲੋਂ ਜਿੱਤ ਲਈ ਦਿੱਤਾ 223 ਦੌੜਾਂ ਦਾ ਟੀਚਾ ਮੈਚ ਦੀ ਐਨ ਆਖ਼ਰੀ ਗੇਂਦ ਉਤੇ 7 ਵਿਕਟਾਂ ਗੁਆ ਕੇ ਸਰ ਕੀਤਾ। ਇਸ ਤੋਂ ਪਹਿਲਾਂ 2016 ਦੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਭਾਰਤ ਨੇ ਬੰਗਲਾਦੇਸ਼ ਨੂੰ ਉਸੇ ਦੀ ਸਰਜ਼ਮੀਨ ਉਤੇ 8 ਵਿਕਟਾਂ ਨਾਲ ਹਰਾ ਕੇ ਕੱਪ ’ਤੇ ਕਬਜ਼ਾ ਕੀਤੀ ਸੀ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 48, ਦਿਨੇਸ਼ ਕਾਰਤਿਕ ਨੇ 37 ਤੇ ਮਹਿੰਦਰ ਸਿੰਘ ਧੋਨੀ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਜ਼ਖ਼ਮੀ ਹੋਣ ਦੇ ਬਾਵਜੂਦ ਕੇਦਾਰ ਜਾਧਵ ਨੇ ਨਾਬਾਦ 23 ਦੌੜਾਂ ਬਣਾਈਆਂ ਅਤੇ ਆਖ਼ਰ ਵਿੱਚ ਅੱਠਵੀਂ ਵਿਕਟ ਲਈ ਕੁਲਦੀਪ ਯਾਦਵ ਨਾਲ ਮਿਲ ਕੇ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਜਿੱਤ ਦੀਆਂ ਬਰੂਹਾਂ ’ਤੇ ਪਹੁੰਚਾਇਆ। ਬੰਗਲਾਦੇਸ਼ ਲਈ ਮੁਸਫ਼ਿਕੁਰ ਰਹਿਮਾਨ ਤੇ ਰੁਬੇਲ ਹੁਸੈਨ ਨੇ ਦੋ-ਦੋ ਵਿਕਟਾਂ ਲਈਆਂ, ਜਦੋਂਕਿ ਮੁਹੰਮਦ ਨਜ਼ਮੁਲ ਇਸਲਾਮ, ਮੁਸ਼ਰਫ਼ੀ ਮੁਰਤਜ਼ਾ ਤੇ ਮਹਿਮੂਦੁੱਲਾ ਨੂੰ ਇਕ-ਇਕ ਵਿਕਟ ਮਿਲੀ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ ਬੰਗਲਾਦੇਸ਼ ਨੂੰ 48.3 ਓਵਰਾਂ ਵਿੱਚ 222 ਦੌੜਾਂ ਦੇ ਸਕੋਰ ਉਤੇ ਹੀ ਢੇਰ ਕਰ ਦਿੱਤਾ। ਬੰਗਲਾਦੇਸ਼ ਸਲਾਮੀ ਬੱਲੇਬਾਜ਼ ਲਿਟਨ ਦਾਸ (121) ਅਤੇ ਮੇਹਦੀ ਹਸਨ (32 ਦੌੜਾਂ) ਵਿਚਾਲੇ 120 ਦੌੜਾਂ ਦੀ ਭਾਈਵਾਲੀ ਸਦਕਾ ਵੱਡੇ ਸਕੋਰ ਵੱਲ ਵਧ ਰਿਹਾ ਸੀ, ਪਰ ਉਸ ਦੇ ਤਿੰਨ ਖਿਡਾਰੀ ਰਨ ਆਊਟ ਹੋ ਗਏ। ਬਾਕੀ ਬੱਲੇਬਾਜ਼ਾਂ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਆਊਟ ਕਰ ਕੇ ਟੀਮ ਦੀ ਮੈਚ ਵਿੱਚ ਵਾਪਸੀ ਕਰਵਾਈ। ਬੰਗਲਾਦੇਸ਼ ਦੀਆਂ 222 ਦੌੜਾਂ ਵਿੱਚ ਲਿਟਨ ਦਾਸ ਨੇ 121 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਵੱਲੋਂ ਨੇ ਟਾਸ ਜਿੱਤ ਬੰਗਲਾਦੇਸ਼ ਨੂੰ ਖੇਡਣ ਲਈ ਸੱਦੇ ਜਾਣ ਦਾ ਫ਼ੈਸਲਾ ਪਹਿਲਾਂ ਗ਼ਲਤ ਲੱਗ ਰਿਹਾ ਸੀ, ਜਦੋਂ ਲਿਟਨ ਅਤੇ ਹਸਨ ਨੇ ਭਾਰਤੀ ਤੇਜ਼ ਅਤੇ ਫ਼ਿਰਕੀ ਗੇਂਦਬਾਜ਼ਾਂ ਦਾ ਡੱਟ ਕੇ ਸਾਹਮਣਾ ਕਰਦਿਆਂ ਸ਼ੁਰੂਆਤੀ ਸਾਂਝੇਦਾਰੀ ਵਿੱਚ 20.5 ਓਵਰਾਂ ਵਿੱਚ 120 ਦੌੜਾਂ ਬਣਾਈਆਂ। ਕੇਦਾਰ ਜਾਧਵ ਨੇ ਹਸਨ ਦੀ ਵਿਕਟ ਲੈ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੀਆਂ ਵਿਕਟਾਂ ਤਾਸ਼ ਦੇ ਪੱਤਿਆਂ ਵਾਂਗੂ ਡਿਗਣੀਆਂ ਸ਼ੁਰੂ ਹੋ ਗਈਆਂ। ਭਾਰਤ ਵੱਲੋਂ ਕੁਲਦੀਪ ਨੇ 45 ਦੌੜਾਂ ਦੇ ਕੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ, ਜਦਕਿ ਕੇਦਾਰ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਬੁਮਰਾਹ (39 ਦੌੜਾਂ ਦੇ ਕੇ) ਅਤੇ ਚਾਹਲ ਨੇ (31 ਦੌੜਾਂ ਦੇ ਕੇ) ਇੱਕ-ਇੱਕ ਵਿਕਟ ਲਈ।

VIA PUNJAB