ਭਾਰਤੀ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਨੂੰ ਸੌਂਪੀ

ਨਵੀਂ ਦਿੱਲੀ – ਅਰਜਨ ਐਵਾਰਡੀ ਮਨਪ੍ਰੀਤ ਸਿੰਘ 18 ਅਕਤੂਬਰ ਤੋਂ ਓਮਾਨ ਦੇ ਮਸਕਟ ਵਿੱਚ ਹੋਣ ਵਾਲੀ ਪੰਜਵੀਂ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਸੰਭਾਲੇਗਾ। ਹਾਕੀ ਇੰਡੀਆ ਨੇ ਅੱਜ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਇਸ ਟੂਰਨਾਮੇਂਟ ਵਿੱਚ ਆਪਣਾ ਖ਼ਿਤਾਬ ਬਚਾਉਣ ਉਤਰੇਗੀ। ਭਾਰਤ ਨੇ 2016 ਵਿੱਚ ਮਲੇਸ਼ੀਆ ਦੇ ਕੌਂਤਨ ਵਿੱਚ ਪਾਕਿਸਤਾਨ ਨੂੰ 3-2 ਗੋਲਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਟੀਮ ਦੀ ਉਪ ਕਪਤਾਨੀ ਚਿੰਗਲੇਨਸਾਨਾ ਸਿੰਘ ਨੂੰ ਸੌਂਪੀ ਗਈ ਹੈ। ਭਾਰਤੀ ਟੀਮ ਵਿੱਚ ਮਾਹਰ ਗੋਲਕੀਪਰ ਪੀਆਰ ਸ੍ਰੀਜੇਸ਼ ਵੀ ਸ਼ਾਮਲ ਹੈ, ਜਦਕਿ ਨੌਜਵਾਨ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਨੂੰ ਵੀ ਟੀਮ ਵਿੱਚ ਥਾਂ ਦਿੱਤੀ ਗਈ ਹੈ। ਡਿਫੈਂਸ ਵਿੱਚ ਕੋਠਾਜੀਤ ਸਿੰਘ ਨੇ ਟੀਮ ਵਿੱਚ ਵਾਪਸੀ ਕੀਤੀ ਹੈ। 20 ਸਾਲ ਦੇ ਹਾਰਦਿਕ ਸਿੰਘ ਸੀਨੀਅਰ ਟੀਮ ਵਿੱਚ ਆਪਣਾ ਪਲੇਠਾ ਮੈਚ ਖੇਡੇਗਾ। ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਵਰੁਣ ਕੁਮਾਰ, ਸੁਰਿੰਦਰ ਸਿੰਘ ਅਤੇ ਜਰਮਨਜੀਤ ਸਿੰਘ ਭਾਰਤ ਦੇ ਡਿਫੈਂਸ ਨੂੰ ਸੰਭਾਲਣਗੇ। ਭਾਰਤ ਨੂੰ ਹਾਲ ਹੀ ਵਿੱਚ ਇੰਡੋਨੇਸ਼ੀਆ ਵਿੱਚ ਹੋਈਆਂ 18ਵੀਆਂ ਏਸ਼ਿਆਈ ਖੇਡਾਂ ਵਿੱਚ ਸੈਮੀ ਫਾਈਨਲ ਵਿੱਚ ਹਾਰਨ ਮਗਰੋਂ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਭਾਰਤੀ ਟੀਮ ਇਸ ਵਾਰ ਆਪਣੇ ਖ਼ਿਤਾਬ ਦਾ ਬਚਾਅ ਨਹੀਂ ਕਰ ਸਕੀ। ਉਸ ਨੂੰ ਸੈਮੀ ਫਾਈਨਲ ਵਿੱਚ ਮਲੇਸ਼ੀਆ ਨੇ ਆਖ਼ਰੀ ਪਲਾਂ ਵਿੱਚ ਹਰਾਇਆ ਸੀ। ਮਨਪ੍ਰੀਤ ਨੂੰ ਕੱਲ੍ਹ ਅਰਜਨ ਪੁਰਸਕਾਰ ਦਿੱਤਾ ਗਿਆ ਸੀ। ਉਹ ਮਿਡਫੀਲਡ ਵਿੱਚ ਚਿੰਗਲੇਨਸਾਨਾ, ਲਲਿਤ ਕੁਮਾਰ ਉਪਾਧਿਆਇ, ਨੀਲਕਾਤਾ ਸ਼ਰਮਾ ਅਤੇ ਸੁਮੀਤ ਨਾਲ ਚੁਣੌਤੀ ਸੰਭਾਲੇਗਾ। ਨੀਲਕਾਂਤਾ ਅਤੇ ਸੁਮੀਤ ਨੇ ਵੀ ਟੀਮ ਵਿੱਚ ਵਾਪਸੀ ਕੀਤੀ ਹੈ। ਫਾਰਵਰਡ ਲਾਈਨ ਵਿੱਚ 23 ਸਾਲ ਦੇ ਗੁਰਜੰਟ ਸਿੰਘ ਦੀ ਵੀ ਵਾਪਸੀ ਹੋਈ ਹੈ। ਆਕਾਸ਼ਦੀਪ ਸਿੰਘ, ਮਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ’ਤੇ ਭਾਰਤ ਦਾ ਖ਼ਿਤਾਬ ਬਚਾਉਣ ਦੀ ਜ਼ਿੰਮੇਵਾਰੀ ਰਹੇਗੀ। ਕੋਚ ਹਰਿੰਦਰ ਸਿੰਘ ਨੇ ਕਿਹਾ, ‘‘ਸਾਡੀ ਟੀਮ ਵਿੱਚ ਨੌਜਵਾਨਾਂ ਅਤੇ ਤਜਰਬੇਕਾਰ ਖਿਡਾਰੀਆਂ ਦਾ ਬਿਹਤਰੀਨ ਮੁਜੱਸਮਾ ਹੈ। ਭੁਵਨੇਸ਼ਵਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਸਾਡੇ ਕੋਲ ਕੁੱਝ ਖਿਡਾਰੀਆਂ ਨੂੰ ਪਰਖਣ ਦਾ ਸ਼ਾਨਦਾਰ ਮੌਕਾ ਹੈ। ਮੈਨੂੰ ਯਕੀਨ ਹੈ ਕਿ ਇਹ ਖਿਡਾਰੀ ਓਮਾਨ ਵਿੱਚ ਟੀਮ ਨੂੰ ਚੰਗਾ ਨਤੀਜਾ ਦੇਣਗੇ। ਖਿਡਾਰੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਰਣਨੀਤੀ ’ਤੇ ਡਟੇ ਰਹਿਣ। ਚੰਗੇ ਨਤੀਜਿਆਂ ਨਾਲ ਏਸ਼ਿਆਈ ਖੇਡਾਂ ਦੀਆਂ ਬੁਰੀਆਂ ਯਾਦਾਂ ਨੂੰ ਪਿੱਛੇ ਛੱਡਦਿਆਂ ਵਿਸ਼ਵ ਕੱਪ ਦੀ ਤਿਆਰੀ ਕਰਨ।’’ ਭਾਰਤੀ ਟੀਮ ਅਗਲੇ ਤਿੰਨ ਹਫ਼ਿਤਆਂ ਤੱਕ ਭੁਵਨੇਸ਼ਵਰ ਵਿੱਚ ਕੌਮੀ ਕੋਚਿੰਗ ਕੈਂਪ ਵਿੱਚ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰੇਗੀ, ਜਿਸ ਮਗਰੋਂ ਟੀਮ ਓਮਾਨ ਲਈ ਰਵਾਨਾ ਹੋਵੇਗੀ, ਜਿੱਥੇ ਟੂਰਨਾਮੈਂਟ 18 ਤੋਂ 28 ਅਕਤੂਬਰ ਤੱਕ ਖੇਡਿਆ ਜਾਵੇਗਾ। ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੂੰ ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ, ਜਾਪਾਨ ਅਤੇ ਮੇਜ਼ਬਾਨ ਓਮਾਨ ਨਾਲ ਖੇਡਣਾ ਹੈ। ਰਾਊਂਡ ਰੌਬਿਨ ਮੈਚਾਂ ਮਗਰੋਂ ਚੋਟੀ ਦੀਆਂ ਚਾਰ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚਣਗੀਆਂ। ਕਾਂਸੀ ਦਾ ਤਗ਼ਮਾ ਅਤੇ ਫਾਈਨਲ ਮੁਕਾਬਲੇ 28 ਅਕਤੂਬਰ ਨੂੰ ਖੇਡੇ ਜਾਣਗੇ।

VIA PUNJAB