ਮਨਜੀਤ ਸਿੰਘ ਜੀ. ਕੇ. ‘ਤੇ ਹਮਲੇ ਦੇ ਮਾਮਲੇ ‘ਚ ਦੋ ਦੋਸ਼ੀ ਗ੍ਰਿਫਤਾਰ

ਨਿਊਯਾਰਕ – ਅਮਰੀਕਾ ਦੇ ਕੈਲੀਫੋਰਨੀਆ ਸਥਿਤ ਯੂਬਾ ਸਿਟੀ ‘ਚ ਪਿਛਲੇ ਦਿਨੀਂ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ‘ਤੇ ਹਮਲੇ ਦੇ ਮਾਮਲੇ ਵਿਚ ਦੋ ਖਾਲਿਸਤਾਨ ਹਮਾਇਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਲੀਫੋਰਨੀਆ ਪੁਲਸ ਵਲੋਂ ਜਿਨ੍ਹਾਂ ਦੋ ਖਾਲਿਸਤਾਨ ਹਮਾਇਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਦੇ ਤੌਰ ‘ਤੇ ਹੋਈ ਹੈ। ਦੋਹਾਂ ਦੋਸ਼ੀਆਂ ‘ਤੇ ਯੂਬਾ ਸਿਟੀ ਪੁਲਸ ਨੇ ਘਟਨਾ ਵਾਲੇ ਦਿਨ ਹੀ ਮਾਮਲਾ ਦਰਜ ਕਰ ਲਿਆ ਸੀ। ਸੂਤਰਾਂ ਮੁਤਾਬਕ ਜੇਕਰ ਦੋਹਾਂ ਦੋਸ਼ੀਆਂ ‘ਤੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਜੇਲ ਅਤੇ ਹਜ਼ਾਰਾਂ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਓਧਰ ਇਸ ਮਾਮਲੇ ਸਬੰਧੀ ਅਮਰੀਕਾ ਦੀ ਸਿੱਖ ਫਾਰ ਜਸਟਿਸ ਸੰਸਥਾ ਨੇ ਬਿਆਨ ਦਿੱਤਾ ਹੈ ਕਿ ਦੋਹਾਂ ਵਿਅਕਤੀਆਂ ‘ਤੇ ਦੋਸ਼ ਸਾਬਤ ਨਹੀਂ ਕੀਤਾ ਜਾ ਸਕਦਾ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੰਸਥਾ ਅਦਾਲਤ ਵਿਚ ਦੋਹਾਂ ਦੋਸ਼ੀਆਂ ਦਾ ਬਚਾਅ ਕਰੇਗੀ। ਦੱਸਣਯੋਗ ਹੈ ਕਿ ਬੀਤੀ 25 ਅਗਸਤ 2018 ਨੂੰ ਯੂਬਾ ਸਿਟੀ ਦੇ ਮੁੱਖ ਗੁਰਦੁਆਰੇ ‘ਚ ਪੁੱਜੇ ਜੀ. ਕੇ. ‘ਤੇ ਖਾਲਿਸਤਾਨ ਹਮਾਇਤੀਆਂ ਦੇ 30 ਤੋਂ 35 ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ।

VIA PUNJAB