ਮੈਸੀ ਨੂੰ ਕਰੀਅਰ ਬਾਰੇ ਫ਼ੈਸਲਾ ਲੈਣ ਲਈ ਸਮਾਂ ਦਿਓ: ਸੇਵਿਓਲਾ

ਕੋਲਕਾਤਾ – ਅਰਜਨਟੀਨਾ ਦੇ ਸਾਬਕਾ ਸਟਰਾਈਕਰ ਜੇਵੀਅਰ ਸੇਵਿਓਲਾ ਨੇ ਕਿਹਾ ਕਿ ਉਸ ਦੇ ਦੇਸ਼ ਦੇ ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਲਈ ਲਾਇਨਲ ਮੈਸੀ ਦੋਸ਼ੀ ਨਹੀਂ। ਉਸ ਨੂੰ ਆਪਣੇ ਕੌਮਾਂਤਰੀ ਕਰੀਅਰ ਬਾਰੇ ਫ਼ੈਸਲਾ ਲੈਣ ਲਈ ਲੋੜੀਂਦਾ ਸਮਾਂ ਦੇਣਾ ਚਾਹੀਦਾ ਹੈ। ਓਲੰਪਿਕ-2004 ਦੇ ਚੈਂਪੀਅਨ ਅਤੇ 2006 ਦੌਰਾਨ ਮੈਸੀ ਨਾਲ ਵਿਸ਼ਵ ਕੱਪ ਖੇਡਣ ਵਾਲੇ ਸੇਵਿਓਲਾ ਨੇ ਕਿਹਾ, ‘‘ਉਮੀਦ ਹੈ ਕਿ ਉਹ ਵਾਪਸੀ ਕਰੇਗਾ, ਪਰ ਜੇਕਰ ਉਸ ਦਾ ਫ਼ੈਸਲਾ ਇਸ ਦੇ ਉਲਟ ਹੁੰਦਾ ਹੈ ਤਾਂ ਇਹ ਉਸ ਦਾ ਨਿੱਜੀ ਮਾਮਲਾ ਹੋਵੇਗਾ।’’ ਸੇਵਿਓਲਾ ਨੇ ਕਿਹਾ, ‘‘ਸਾਰਿਆਂ ਨੂੰ ਪਤਾ ਹੈ ਕਿ ਅਰਜਨਟੀਨਾ ਨੇ ਵਿਸ਼ਵ ਕੱਪ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ। ਮੇਰਾ ਖ਼ਿਆਲ ਹੈ ਕਿ ਸਾਨੂੰ ਮੈਸੀ ਨੂੰ ਖ਼ੁਦ ਦੀ ਹਾਲਤ ’ਤੇ ਛੱਡ ਦੇਣਾ ਚਾਹੀਦਾ ਹੈ। ਹਾਲੇ ਉਸ ਨੂੰ ਸਹਿਜ ਹੋਣ ਦਿਓ। ਉਹ ਅਰਜਨੀਨਾ ਵੱਲੋਂ ਖੇਡਣਾ ਚਾਹੁੰਦਾ ਹੈ ਜਾਂ ਨਹੀਂ ਇਸ ਬਾਰੇ ਫ਼ੈਸਲਾ ਕਰਨ ਲਈ ਉਸ ਨੂੰ ਕੁੱਝ ਸਮਾਂ ਦੇਣ ਦੀ ਲੋੜ ਹੈ।’’

VIA PUNJAB