ਮੰਡੀਆਂ ‘ਚ ਝੋਨੇ ਦੀ ਖਰੀਦ ‘ਤੇ ਵਿਜੀਲੈਂਸ ਰੱਢੇਗੀ ਬਾਜ ਅੱਖ : ਬੀ.ਕੇ. ਉੱਪਲ

ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਕਰਨਗੀਆਂ ਅਚਨਚੇਤ ਚੈਕਿੰਗ

ਚੰਡੀਗੜ੍ਹ – ਮੰਡੀਆਂ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਦੀ ਖੱਜਲਖੁਆਰੀ ਰੋਕਣ, ਖਰੀਦ ਪ੍ਰਕ੍ਰਿਰਿਆ ਨੂੰ ਭ੍ਰਿਸ਼ਟ ਤਰੀਕਿਆਂ ਤੋਂ ਮੁਕਤ ਰੱਖਣ ਅਤੇ ਹੋਰ ਮੁਸ਼ਕਿਲਾਂ ਤੋਂ ਬਚਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਪ੍ਰਕਿਰਿਆ ‘ਤੇ ਅਚਨਚੇਤ ਚੈਕਿੰਗ ਜ਼ਰੀਏ ਮੁਕੰਮਲ ਨਜ਼ਰ ਰੱਖੀ ਜਾਵੇਗੀ। ਹੈਡਕੁਆਟਰ ਵਿਖੇ ਸੀਨੀਅਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਤੋਂ ਬਾਅਦ ਮੁੱਖ ਨਿਰਦੇਸਕ-ਕਮ-ਏ.ਡੀ.ਜੀ.ਪੀ. ਬੀ.ਕੇ. ਉਪਲ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ‘ਤੇ ਨਿਗਰਾਨੀ ਰੱਖਣ ਲਈ ਸਮੂਹ ਵਿਜੀਲੈਂਸ ਬਿਊਰੋ ਰੇਂਜਾਂ ਦੇ ਸਾਰੇ ਐਸ.ਐਸ.ਪੀਜ. ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਨਾਂ ਨੂੰ ਝੋਨੇ ਦੇ ਖਰੀਦ ਪ੍ਰਬੰਧਾਂ ਸਬੰਧੀ ਅਚਨਚੇਤ ਚੈਕਿੰਗ ਕਰਨ ਅਤੇ ਕਿਸਾਨਾਂ ਅਤੇ ਆੜਤੀਆਂ ਤੋਂ ਫੀਡਬੈਕ ਲੈਣ ਲਈ ਵੀ ਕਿਹਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਇਸ ਉਚੇਚੀ ਚੈਕਿੰਗ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਜਾ ਰਹੀਆਂ ਹਨ ਜਿਨਾਂ ਵਿੱਚ ਖੁਰਾਕ ਅਤੇ ਜਨਤਕ ਵੰਡ ਵਿਭਾਗ, ਖਰੀਦ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸ ਜਾਂਚ ਮੁਹਿੰਮ ਦੇ ਪਿੱਛੇ ਦੇ ਉਦੇਸ਼ ‘ਤੇ ਚਾਨਣਾ ਪਾਉਂਦਿਆਂ ਉਨਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਜਾਂ ਆੜਤੀਆਂ ਵੱਲੋਂ ਮਿਲੀਭੁਗਤ ਸਦਕਾ ਭ੍ਰਿਸ਼ਟ ਗਤੀਵਿਧੀਆਂ ਰਾਹੀਂ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਉੱਪਲ ਨੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਵਿਜੀਲੈਂਸ ਬਿਊਰੋ ਕਿਸਾਨਾਂ ਦੇ ਹਿੱਤਾਂ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਾਂਚ ਟੀਮਾਂ ਨੂੰ ਬੋਰੀ ਦਾ ਭਾਰ, ਮਿਆਰ ਕੰਟਰੋਲ, ਖਰੀਦ ਤਰੀਕਿਆਂ, ਭੁਗਤਾਨ ਅਤੇ ਚੁਕਵਾਈ ਪ੍ਰਕਿਰਿਆ ਜਾਂ ਮੰਡੀਆਂ ਅੰਦਰ ਬੁਨਿਆਦੀ ਸਹੂਲਤਾਂ ਵਿੱਚ ਕਿਸੇ ਵੀ ਤਰਾਂ ਦੀ ਕਮੀ ਪਾਏ ਜਾਣ ‘ਤੇ ਪਾਰਦਰਸ਼ੀ ਰਿਪੋਰਟ ਦੇਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਖਰੀਦ ਏਜੰਸੀਆਂ ਅਤੇ ਆੜਤੀਆਂ ਵਿੱਚਕਾਰ ਕਿਸੇ ਵੀ ਕਿਸਮ ਦੀ ਮਿਲੀਭੁਗਤ ਦਾ ਪਤਾ ਲਗਾਉਣ ਲਈ ਮੰਡੀਆਂ/ਸ਼ੈਲਰਾਂ ਦੀ ਅਲਾਟਮੈਂਟ ਅਤੇ ਝੋਨੇ ਨੂੰ ਗੁਦਾਮਾਂ/ਮਿੱਲਰਾਂ ਤੱਕ ਭਿਜਵਾਉਣਾ ਵੀ ਜਾਂਚ ਅਧੀਨ ਰਹੇਗਾ। ਵਿਜੀਲੈਂਸ ਮੁਖੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਬਿਊਰੋ ਨੂੰ ਜੇਕਰ ਕਿਸੇ ਵੀ ਕਿਸਮ ਦੇ ਭਿਸ਼ਟ ਤੌਰ ਤਰੀਕਿਆਂ ਦਾ ਪਤਾ ਲੱਗਦਾ ਹੈ ਤਾਂ ਦੋਸ਼ੀ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਲੋਕਾਂ ਨੂੰ ਸਰਕਾਰੀ ਕਰਮਚਾਰੀਆਂ ਵੱਲੋਂ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਦੀ ਸੂਚਨਾ ਬਿਨਾਂ ਹਿਚਕਿਚਾਏ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800 1800 1000 ‘ਤੇ ਦੇਣ ਲਈ ਵੀ ਕਿਹਾ।

VIA PUNJAB