ਯੇਚੁਰੀ ਵੱਲੋਂ ਸਟਾਲਿਨ ਨੂੰ ‘ਮਹਾਂਗੱਠਜੋੜ’ ਦਾ ਹਿੱਸਾ ਬਣਨ ਦਾ ਸੱਦਾ

ਚੇਨੱਈ – ਸੀਪੀਆਈ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕੇਂਦਰ ਵਿੱਚ ਭਾਜਪਾ ਖ਼ਿਲਾਫ਼ ਮਹਾਂਗਠਜੋੜ ਬਣਾਉਣ ਦੇ ਮੰਤਵ ਨਾਲ ਅੱਜ ਇਥੇ ਡੀਐਮਕੇ ਮੁਖੀ ਐੱਮ.ਕੇ.ਸਟਾਲਿਨ ਨਾਲ ਗੱਲਬਾਤ ਕੀਤੀ। ਸ੍ਰੀ ਯੇਚੁਰੀ ਨੇ ਭਰੋਸਾ ਜਤਾਇਆ ਕਿ ਖੇਤਰੀ ਪਾਰਟੀਆਂ ਨਾਲ ਮਿਲ ਕੇ ਮਹਾਂਗੱਠਜੋੜ ਵੱਡਾ ਆਕਾਰ ਲੈ ਲਏਗਾ। ਉਨ੍ਹਾਂ ਕਿਹਾ ਕਿ ਵੱਡੇ ਵੱਡੇ ਆਗੂਆਂ ਦੇ ਕੱਦ ਨਾਲੋਂ ਮੈਦਾਨ ਨਾਲ ਜੁੜੇ ਲੋਕ ਮੁਲਕ ਨੂੰ ਬਚਾਉਣ ਲਈ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਿਆਂ ਇਕੱਠੇ ਹੋਣ ਲਈ ਜ਼ੋਰ ਪਾਉਣਗੇ। ਅਦਾਕਾਰ ਰਜਨੀਕਾਂਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮਜ਼ਬੂਤ’ ਦੱਸ ਕੇ ਹਮਾਇਤ ਕਰਨ ਵਾਲੇ ਬਿਆਨ ’ਤੇ ਟਿੱਪਣੀ ਕਰਦਿਆਂ ਸ੍ਰੀ ਯੇਚੁਰੀ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਤੇ ਉਨ੍ਹਾਂ ਦੇ ਜਾਨਸ਼ੀਨ ਮਨਮੋਹਨ ਸਿੰਘ ਨੂੰ ਕ੍ਰਮਵਾਰ 2004 ਤੇ 2014 ਵਿੱਚ ਮਿਲੀਆਂ ਹਾਰਾਂ ਦਾ ਹਵਾਲਾ ਦਿੱਤਾ। ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਵੱਲੋਂ ਕੇਂਦਰ ਵਿੱਚ ਭਾਜਪਾ ਵਿਰੋਧੀ ਮਹਾਂਗੱਠਬੰਧਨ ਫਰੰਟ ਲਈ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣ ਬਾਰੇ ਪੁੱਛੇ ਜਾਣ ’ਤੇ ਖੱਬੇਪੱਖੀ ਆਗੂ ਨੇ ਕਿਹਾ ਕਿ ਐੱਨ ਚੰਦਰਬਾਬੂ ਨਾਇਡੂ ਤੇ ਮਮਤਾ ਬੈਨਰਜੀ ਦੀਆਂ ਕੋਸ਼ਿਸ਼ਾਂ ਜ਼ਰੂਰ ਸਫ਼ਲ ਹੋਣਗੀਆਂ।

VIA PUNJAB