ਵਿਸ਼ਵ ਕੱਪ: ਭਾਰਤ ਸਾਹਮਣੇ ਅੱਜ ਆਸਟਰੇਲੀਆ ਵੱਡੀ ਚੁਣੌਤੀ

ਭਾਰਤ ਨੂੰ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦੇ ਆਪਣੇ ਰਾਹ ਵਿੱਚ ਪਹਿਲੀ ਵੱਡੀ ਚੁਣੌਤੀ ਐਤਵਾਰ ਨੂੰ ਇੱਥੇ ਆਸਟਰੇਲੀਆ ਤੋਂ ਮਿਲੇਗੀ ਅਤੇ ਆਈਸੀਸੀ ਵਿਸ਼ਵ ਕੱਪ ਦੇ ਇਸ ਮਹੱਤਵਪੂਰਨ ਮੈਚ ਵਿੱਚ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦੀਆਂ ਰਣਨੀਤੀਆਂ ਦੀ ਵੀ ਵੱਡੀ ਪ੍ਰੀਖਿਆ ਹੋਵੇਗੀ।ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ’ਤੇ ਛੇ ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ, ਜਦਕਿ ਬੀਤੇ ਦੋ ਮਹੀਨਿਆਂ ਵਿੱਚ ਖੇਡ ਵਿੱਚ ਲਾਗਤਾਰ ਸੁਧਾਰ ਕਰਨ ਵਾਲੇ ਆਸਟਰੇਲੀਆ ਨੇ ਅਫਗਾਨਿਸਤਾਨ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਪੇਸ਼ੇਵਰ ਰਵੱਈਆ ਵਿਖਾਇਆ। ਕੈਰੇਬਿਆਈ ਟੀਮ ਖ਼ਿਲਾਫ਼ ਉਸ ਨੇ ਖ਼ਰਾਬ ਹਾਲਤ ਤੋਂ ਉਭਰ ਕੇ ਜਿੱਤ ਦਰਜ ਕੀਤੀ ਸੀ।ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਦੀ ਮੁਅੱਤਲੀ ਕਾਰਨ ਇੱਕ ਸਾਲ ਤੱਕ ਜੂਝਣ ਮਗਰੋਂ ਲਗਦਾ ਹੈ ਕਿ ਆਸਟਰੇਲਿਆਈ ਟੀਮ ਨੇ ਸਹੀ ਸਮੇਂ ’ਤੇ ਆਪਣੀਆਂ ਘਾਟਾਂ ਨੂੰ ਦੂਰ ਕੀਤਾ ਹੈ । ਉਹ ਜੇਤੂ ਟੀਮ ਦੀ ਤਰ੍ਹਾਂ ਪ੍ਰਦਰਸ਼ਨ ਕਰ ਰਹੀ ਹੈ। ਇਹ ਭਾਰਤ ਲਈ ਫ਼ਿਕਰਮੰਦੀ ਵਾਲੀ ਗੱਲ ਹੋਵੇਗੀ, ਜਿਸ ਨੂੰ ਪਿਛਲੀਆਂ ਦੋਵਾਂ ਲੜੀਆਂ ਵਿੱਚ ਇਸ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਹੁਣ ਵੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਵਿੱਚ ਹੈ। ਆਸਟਰੇਲੀਆ ਦੇ ਬੱਲੇਬਾਜ਼ੀ ਕੋਚ ਰਿੱਕੀ ਪੋਂਟਿੰਗ ਦੀ ਵੀ ਭਾਰਤੀ ਟੀਮ ’ਤੇ ਨਜ਼ਰ ਹੈ। ਉਸ ਨੇ ਕ੍ਰਿਕਟ-ਕਾਮ.ਏਯੂ ਨੂੰ ਕਿਹਾ, ‘‘ਭਾਰਤ ਇੱਕ ਸਪਿੰਨਰ ਨਾਲ ਉਤਰ ਸਕਦਾ ਹੈ ਅਤੇ ਕੇਦਾਰ ਜਾਧਵ ਦੂਜਾ ਹਰਫ਼ਨਮੌਲਾ ਹੋ ਸਕਦਾ ਹੈ ਅਤੇ ਇੱਕ ਹੋਰ ਤੇਜ਼ ਗੇਂਦਬਾਜ਼ ਨੂੰ ਟੀਮ ਵਿੱਚ ਥਾਂ ਮਿਲ ਸਕਦੀ ਹੈ। ਅਸੀਂ ਇਸ ’ਤੇ ਧਿਆਨ ਰੱਖਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਖਿਡਾਰੀ ਚੰਗੀ ਤਰ੍ਹਾਂ ਤਿਆਰ ਰਹਿਣ।’’ਪਿਛਲੀ ਲੜੀ ਵਿੱਚ ਭਾਰਤ ਦੀਆਂ ਸਪਾਟ ਪਿੱਚਾਂ ’ਤੇ ਆਸਟਰੇਲਿਆਈ ਬੱਲੇਬਾਜ਼ਾਂ ਨੇ ਸਮਿੱਥ ਅਤੇ ਵਾਰਨਰ ਦੀ ਗ਼ੈਰ-ਮੌਜੂਦਗੀ ਵਿੱਚ ਵੀ ਭਾਰਤੀ ਫ਼ਿਰਕੀ ਗੇਂਦਬਾਜ਼ਾਂ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਦਾ ਚੰਗੀ ਤਰ੍ਹਾਂ ਸਾਮਹਣਾ ਕੀਤਾ ਸੀ। ਕਪਤਾਨ ਆਰੋਨ ਫਿੰਚ ਅਤੇ ਉਸਮਾਨ ਖਵਾਜਾ ਨੇ ਵੀ ਜਾਧਵ ਦੀ ਆਫ ਸਪਿੰਨ ਨੂੰ ਚੰਗੀ ਤਰ੍ਹਾਂ ਖੇਡਿਆ ਅਤੇ ਅਜਿਹੀ ਹਾਲਤ ਵਿੱਚ ਭਾਰਤੀ ਕੋਚ ਅਤੇ ਕਪਤਾਨ ਨੂੰ ਬਦਲਵੇਂ ਪ੍ਰਬੰਧ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

VIA PUNJAB