ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਨੇ ਸੱਤਵੇਂ ਤਗ਼ਮੇ ’ਤੇ ਲਾਇਆ ਪੰਚ

ਨਵੀਂ ਦਿੱਲੀ – ਭਾਰਤ ਦੀ ਸੁਪਰਸਟਾਰ ਅਤੇ ਪੰਜ ਵਾਰ ਦੀ ਚੈਂਪੀਅਨ ਐਮਸੀ ਮੇਰੀ ਕੌਮ (48 ਕਿਲੋ) ਏਆਈਬੀਏ ਮਹਿਲਾ ਵਿਸ਼ਵ ਚੈਂਪੀਅਨ ਦੇ ਇਤਿਹਾਸ ਵਿੱਚ ਸੱਤਵੀਂ ਵਾਰ ਤਗ਼ਮੇ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ, ਜਦੋਂਕਿ ਤਿੰਨ ਹੋਰ ਭਾਰਤੀ ਮੁਟਿਆਰਾਂ ਨੇ ਸੈਮੀ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀਆਂ। ਲਵਲੀਨਾ ਬੋਰਗੋਹੇਨ (69 ਕਿਲੋ), ਸੋਨੀਆ ਚਾਹਲ (57 ਕਿਲੋ) ਅਤੇ ਸਿਮਰਨਜੀਤ ਕੌਰ (64 ਕਿਲੋ) ਨੇ ਅੱਜ ਇੱਥੇ ਚੱਲ ਰਹੀ ਆਖ਼ਰੀ ਚਾਰਾਂ ਵਿੱਚ ਥਾਂ ਬਣਾ ਕੇ ਤਗ਼ਮੇ ਪੱਕੇ ਕਰ ਲਏ। ਮੁਟਿਆਰ ਮੁੱਕੇਬਾਜ਼ ਮਨੀਸ਼ਾ ਮੌਨ (54 ਕਿਲੋ) ਨੂੰ ਹਾਲਾਂਕਿ 2016 ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਸਟੌਯਕਾ ਪੈਤਰੋਵਾ ਤੋਂ 1-4 ਨਾਲ ਅਤੇ ਭਾਗਿਆਵਤੀ ਕਾਚਰੀ (81 ਕਿਲੋ) ਨੂੰ ਕੋਲੰਬੀਆ ਦੀ ਜੇਸਿਕਾ ਪੀ ਸੀ ਸਿਨੀਐਸਟਰਾ ਤੋਂ 2-3 ਨਾਲ ਹਾਰ ਝੱਲਣੀ ਪਈ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮੇਰੀ ਕੌਮ ਨੇ ਦਿਨ ਦੀ ਸ਼ੁਰੂਆਤ ਕੁਆਰਟਰ ਫਾਈਨਲ ਵਿੱਚ ਚੀਨ ਦੀ ਯੂ ਵੂ ’ਤੇ 5-0 ਦੀ ਸ਼ਾਨਦਾਰ ਜਿੱਤ ਨਾਲ ਕੀਤੀ। ਹੁਣ ਉਹ ਵੀਰਵਾਰ ਨੂੰ ਉਤਰ ਕੋਰੀਆ ਦੀ ਹਿਆਂਗ ਮਿ ਕਿਮ ਨਾਲ ਭਿੜੇਗੀ, ਜਿਸ ਨੇ ਉਸ ਨੂੰ ਪਿਛਲੇ ਸਾਲ ਏਸ਼ਿਆਈ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਰਾਇਆ ਸੀ। ਤਿੰਨ ਰਾਊਂਡ ਵਿੱਚ ਪੰਜ ਜੱਜਾਂ ਨੇ 49-46, 50-45, 49-46 ਅੰਕ ਦਿੱਤੇ। ਆਸਾਮ ਦੀ 21 ਸਾਲ ਦੀ ਲਵਲੀਨਾ ਨੇ ਤੇਜ਼ ਤਰਾਰ ਮੁੱਕਿਆਂ ਨਾਲ ਆਸਟਰੇਲੀਆ ਦੀ 34 ਸਾਲ ਦੀ ਕਾਏ ਫਰਾਂਸਿਸ ਸਕਾਟ ਨੂੰ 5-0 ਨਾਲ ਮਾਤ ਦਿੱਤੀ। ਆਖ਼ਰੀ ਚਾਰ ਵਿੱਚ 22 ਨਵੰਬਰ ਨੂੰ ਚੀਨੀ ਤਾਇਪੈ ਦੀ ਚੇਨ ਨੀਨ ਚਿਨ ਨੂੰ ਚੁਣੌਤੀ ਦੇਵੇਗੀ।

VIA PUNJAB