ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਹਿਯੋਗੀਆਂ ਸਮੇਤ ਹਾਈਕੋਰਟ ਵੱਲੋਂ ਬਾ-ਇੱਜ਼ਤ ਬਰੀ

ਝੂਠੇ ਬਣਾਏ ਕੇਸ ’ਤੇ ਸੱਚਾਈ ਦੀ ਜਿੱਤ ਹੋਈ : ਬੀਬੀ ਜਗੀਰ ਕੌਰ

ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਖਿਰ 18 ਸਾਲਾਂ ਬਾਅਦ ਇਨਸਾਫ ਮਿਲ ਗਿਆ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਕੇਸ ’ਚੋਂ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਹੈ। ਸੀਬੀਆਈ ਦੀ ਪਟਿਆਲਾ ਅਦਾਲਤ ਨੇ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਇਹ ਕੇਸ ਬੀਬੀ ਜੀ ਦੀ ਵੱਡੀ ਪੁੱਤਰੀ ਹਰਪ੍ਰੀਤ ਕੌਰ ਦੀ ਅਚਾਨਕ ਹੋਈ ਮੌਤ ਨਾਲ ਸਬੰਧਿਤ ਸੀ। ਸੀਬੀਆਈ ਨੇ ਇਸਤਗਾਸੇ ਵਿੱਚ ਦੋਸ਼ ਲਾਇਆ ਸੀ ਕਿ ਹਰਪ੍ਰੀਤ ਕੌਰ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ। ਬੀਬੀ ਜਗੀਰ ਕੌਰ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਸੀਬੀਆਈ ਕੋਰਟ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਬੀਬੀ ਜਗੀਰ ਕੌਰ ਨੇ ਸੀਬੀਆਈ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਖੁਦ ਨੂੰ ਬੇਕਸੂਰ ਦਸਿਆ ਸੀ ਅਤੇ ਆਪਣੀ ਸਜ਼ਾ ਖ਼ਤਮ ਕਰਨ ਦੀ ਮੰਗ ਕੀਤੀ ਸੀ ਜਦਕਿ ਸੀਬੀਆਈ ਨੇ 5 ਸਾਲ ਦੀ ਸਜ਼ਾ ’ਚ ਹੋਰ ਵਾਧਾ ਕਰਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਕਈ ਅਹਿਮ ਪਹਿਲੂਆਂ ਨੂੰ ਨਜ਼ਰਅੰਦਾਜ਼ ਕੀਤਾ ਹੈ।ਪੰਜਾਬ-ਹਰਿਆਣਆ ਹਾਈਕੋਰਟ ਦੇ ਮਾਣਯੋਗ ਜੱਜ ਸਹਿਬਾਨ ਜਸਟਿਸ ਏ.ਵੀ. ਚੌਧਰੀ ਅਤੇ ਜਸਟਿਸ ਕੁਲਦੀਪ ਸਿੰਘ ਵੱਲੋਂ ਮੰਗਲਵਾਰ ਨੂੰ 10 ਵਜੇ ਖੁੱਲ੍ਹੀ ਅਦਾਲਤ ਵਿੱਚ ਇਹ ਫੈਸਲਾ ਸੁਣਾਇਆ ਗਿਆ। ਅਦਾਲਤ ਨੇ ਬੀਬੀ ਜਗੀਰ ਕੌਰ ਦੀ ਅਪੀਲ ਨੂੰ ਪ੍ਰਵਾਨ ਕਰ ਲਿਆ ਅਤੇ ਪਟਿਆਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਰਦ ਕਰ ਦਿੱਤਾ। ਹਾਈਕੋਰਟ ਨੇ 5 ਹਜ਼ਾਰ ਦਾ ਜੁਰਮਾਨਾ ਵੀਲਗਾਇਆ ਹੈ। ਇਸ ਕੇਸ ਵਿੱਚ ਬੀਬੀ ਜਗੀਰ ਕੌਰ ਵੱਲੋਂ ਐਡਵੇਕੋਟ ਜੇ.ਐਸ. ਬੇਦੀ ਪੈਰਵਾਈ ਕਰ ਰਹੇ ਸਨ। ਬੀਬੀ ਜੀ ਨਾਲ ਇਸ ਕੇਸ ਵਿੱਚ ਬੀਬੀ ਦਲਵਿੰਦਰ ਕੌਰ ਢੇਸੀ, ਜੱਥੇਦਾਰ ਪਰਮਜੀਤ ਸਿੰਘ ਰਾਏਪੁਰ, ਨਿਸ਼ਾਨ ਸਿੰਘ ਅਤੇ ਡਾ. ਬਲਵਿੰਦਰ ਸਿੰਘ ਸੋਹਲ ਨੂੰ ਵੀ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਰਪ੍ਰੀਤ ਕੌਰ ਦੀ ਸ਼ੱਕੀ ਹਾਲਤਾਂ ਵਿੱਚ 18 ਮਾਰਚ 2000 ਨੂੰ ਫਗਵਾੜਾ ਤੋਂ ਲੁਧਿਆਣਾ ਹਸਪਤਾਲ ਲਿਜਾਂਦੇ ਹੋਏ ਰਾਹ ਵਿੱਚ ਮੌਤ ਹੋ ਗਈ ਸੀ। 19 ਮਾਰਚ ਨੂੰ ਹਰਪ੍ਰੀਤ ਕੌਰ ਦਾ ਬੇਗੋਵਾਲ ਵਿਖੇ ਸਸਕਾਰ ਕਰ ਦਿੱਤਾ ਗਿਆ। ਬਾਅਦ ਵਿੱਚ ਹਾਈਕੋਰਟ ਦੇ ਹੁਕਮਾਂ ਉਪਰ ਇਸ ਸਬੰਧੀ ਸੀਬੀਆਈ ਵੱਲੋਂ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਨ ਦਾ ਕੇਸ ਦਰਜ ਕੀਤਾ ਗਿਆ। 30 ਮਾਰਚ 2012 ਨੂੰ ਪਟਿਆਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ। ਹਾਈਕੋਰਟ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ’ਤੇ ਬੀਬੀ ਜਗੀਰ ਕੌਰ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦਾ ਮਾਹੌਲ ਹੈ। ਇਸ ਫੈਸਲੇ ਨਾਲ ਬੀਬੀ ਜਗੀਰ ਕੌਰ ਦੇ ਸਿਆਸੀ ਜੀਵਨ ਉਪਰ ਲੱਗਿਆ ਧੱਬਾ ਧੋਤਾ ਗਿਆ ਹੈ। ਲਗਭਗ 18 ਸਾਲਾਂ ਬਾਅਦ ਮਿਲੇ ਇਸ ਇਨਸਾਫ ਤੋਂ ਉਹ ਕਾਫੀ ਖੁਸ਼ ਹਨ। ਇਸ ਕੇਸ ਕਾਰਨ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ। ਸਜ਼ਾ ਸੁਣਾਏ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਹ 2017 ਦੀਆਂ ਵਿਧਾਨ ਸਭਾ ਚੋਣਾਂ ਲੜ ਨਹੀਂ ਸਕੀ ਕਿਉਂਕਿ ਉਨ੍ਹਾਂ ਦੀ ਅਪੀਲ ਹਾਈਕੋਰਟ ਵਿਚ ਪੈਂਡਿੰਗ ਸੀ।

VIA PUNJAB