- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੀ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਹਾਰ-ਸ਼ਿੰਗਾਰ ਕਰਨੇ ਸ਼ੋਭਾ ਨਹੀਂ ਦਿੰਦੇ?
ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
ਅੱਜ ਅੰਮ੍ਰਿਤਧਾਰੀ ਬੀਬੀਆਂ ਵਿਚ ਦਸਤਾਰ ਸਜਾਉਣ ਦਾ ਰੁਝਾਨ ਤਾਂ ਪ੍ਰਫੁਲਤ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਮਰਿਆਦਾ ਦਾ ਪੂਰਾ ਗਿਆਨ ਨਾ ਹੋਣ ਕਾਰਨ ਉਹ ਦਸਤਾਰਾਂ-ਦੁਮਾਲਿਆਂ ਦੇ ਨਾਲ ਬਾਹਾਂ ਵਿਚ ਚੂੜਾ, ਛਾਪਾਂ-ਛੱਲੇ, ਮਹਿੰਦੀ, ਸੁਰਖੀ, ਮੂੰਹ ‘ਤੇ ਰੰਗ-ਰੋਗਨ (ਕਾਸਮੈਟਿਕ) ਲਿੱਪਣ ਆਦਿ ਵਿਚ ਅਨਮਤੀ ਬੀਬੀਆਂ ਤੋਂ ਕਿਸੇ ਤਰ੍ਹਾਂ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਇਹ ਘੋਰ-ਮਨਮਤਿ ਤਾਂ ਹੈ ਹੀ ਪਰ ਇਹ ਆਮ ਲੋਕਾਂ ਦੇ ਵੇਖਣ ਵਿਚ ਵੀ ਬੁਰਾ ਲੱਗਦਾ ਹੈ ਕਿ ਇਕ ਪਾਸੇ ਬੀਬੀ ਨੇ ਅੰਮ੍ਰਿਤ ਛਕਿਆ ਹੋਵੇ, ਸਿਰ ਉੱਪਰ ਦਸਮ ਪਾਤਸ਼ਾਹ ਦੀ ਬਖ਼ਸ਼ਿਸ਼ ਦਸਤਾਰ ਸਜਾਈ ਹੋਵੇ ਤੇ ਦੂਜੇ ਪਾਸੇ ਕੂੜਾਵੇ ਹਾਰ-ਸ਼ਿੰਗਾਰ ਵਿਚ ਗ੍ਰਸੀ ਹੋਵੇ।
ਕੋਈ ਸਮਾਂ ਸੀ ਜਦੋਂ ਸਿੱਖ ਬੀਬੀ ਦੇ ਸਿਰ ‘ਤੇ ਕੇਸਕੀ ਅਥਵਾ ਦਸਤਾਰ ਨੂੰ ਸੰਸਾਰੀ ਬਿਰਤੀਆਂ ਤੋਂ ਉੱਪਰ ਉੱਠ ਚੁੱਕੇ ਫਕੀਰੀ ਕਿਰਦਾਰ ਤੇ ਨਿਰਭੈਤਾ ਦਾ ਚਿੰਨ੍ਹ ਮੰਨਿਆ ਜਾਂਦਾ ਸੀ। ਸਿਰ ‘ਤੇ ਦਸਤਾਰ ਸਜਾਈ ਬੀਬੀ ਨੂੰ ਬੜੇ ਸਤਿਕਾਰਤ ਨਜ਼ਰੀਏ ਨਾਲ ਵੇਖਿਆ ਜਾਂਦਾ ਸੀ। ਉਂਜ ਉਨ੍ਹਾਂ ਵੇਲਿਆਂ ਵਿਚ ਬਹੁਤ ਘੱਟ ਤੇ ਸੰਸਾਰੀ ਬਿਰਤੀਆਂ ਤੋਂ ਮਨ ਨੂੰ ਸਾਧ ਕੇ ਸਹਿਜ ਮਾਰਗ ਦੇ ਪੰਧ ਵੱਲ ਤੁਰੀਆਂ ਸੀਲ-ਸੰਤੋਖੀ ਸਿੱਖ ਬੀਬੀਆਂ ਹੀ ਸਿਰ ‘ਤੇ ਕੇਸਕੀ ਅਥਵਾ ਦਸਤਾਰ ਸਜਾਉਂਦੀਆਂ ਸਨ। ਮਾੜੀ ਨੀਅਤ ਵਾਲੇ ਮੁਸ਼ਟੰਡੇ ਦਸਤਾਰ ਵਾਲੀ ਬੀਬੀ ਨੂੰ ਦੂਰੋਂ ਵੇਖ ਕੇ ਹੀ ਰਾਹ ਛੱਡ ਜਾਂਦੇ ਸਨ। ਭਗਤ ਪੂਰਨ ਸਿੰਘ ਨੇ ਵੀ ਬੇਅੰਤ ਐਸੀਆਂ ਸੱਚੀਆਂ ਸਾਖੀਆਂ ਦਾ ਆਪਣੇ ਕਿਤਾਬਚਿਆਂ ਵਿਚ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚੋਂ ਦਸਤਾਰਧਾਰੀ ਬੀਬੀਆਂ ਦੇ ਉੱਚੇ-ਸੁੱਚੇ ‘ਫਕੀਰੀ ਤੇ ਪਾਤਸ਼ਾਹੀ’ ਦੇ ਸੁਮੇਲ ਵਾਲੇ ਇਤਿਹਾਸਕ ਕਿਰਦਾਰ ਦੇ ਦਰਸ਼ਨ ਹੁੰਦੇ ਹਨ।
ਅੱਜ ਦੀਆਂ ਬਹੁਗਿਣਤੀ ਦਸਤਾਰਧਾਰੀ ਸਿੱਖ ਬੀਬੀਆਂ, ਜੋ ਸਿਰਫ ਫੈਸ਼ਨਪ੍ਰਸਤੀ ਕਾਰਨ ਦੇਖਾ-ਦੇਖੀ ਦਸਤਾਰਾਂ ਸਜਾਉਂਦੀਆਂ ਹਨ, ਉਨ੍ਹਾਂ ਵਿਚੋੰ ਉਹ ਕਿਰਦਾਰ ਕਿਤੇ ਨਾ ਕਿਤੇ ਪਦਾਰਥਕ ਖਲਜਗਣ ਵਿਚ ਅਲੋਪ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ; ਟਿਕਟੌਕ, ਫੇਸਬੁਕ ਤੇ ਇੰਸਟਾਗ੍ਰਾਮ ਉੱਪਰ ਅਨਮਤੀ ਬੀਬੀਆਂ ਵਾਂਗ ਜਦੋਂ ਕਦੇ ਕਿਸੇ ਦਸਤਾਰ ਵਾਲੀ ਬੀਬੀ ਦੀਆਂ ਚੰਚਲ ਹਰਕਤਾਂ ਵੇਖਣ ਨੂੰ ਮਿਲਦੀਆਂ ਹਨ ਤਾਂ ਕਹਿਣ ਨੂੰ ਕੁਝ ਨਹੀਂ ਸੁਝਦਾ। ਆਧੁਨਿਕਤਾ ਦੀ ਪਾਨ ਚੜ੍ਹੀ ਅੱਜ ਦੀ ਸਿੱਖ ਪੀੜ੍ਹੀ ਲਈ ਗੁਰਮਤਿ ਦੀ ਪ੍ਰੀਭਾਸ਼ਾ ਹੀ ਬਦਲ ਗਈ ਹੈ। ਅੰਮ੍ਰਿਤਧਾਰੀ ਬੀਬੀਆਂ ਨੇ ਵਿਆਹ ਵਿਚ ਹਰ ਤਰ੍ਹਾਂ ਦੇ ਮਨਮਤੀ ਹਾਰ-ਸ਼ਿੰਗਾਰ ਵੀ ਕੀਤੇ ਹੁੰਦੇ ਹਨ, ਜਾਗਤ-ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭੜਕੀਲੇ ਤੇ ਨਗਨਤਾ ਦਾ ਮੁਜ਼ਾਹਰਾ ਕਰਨ ਵਾਲੇ ਵਸਤਰ ਵੀ ਪਹਿਨੇ ਹੁੰਦੇ ਹਨ ਅਤੇ ਫਿਰ ਵੀ ਕਿਹਾ ਜਾਂਦਾ ਹੈ ਕਿ ਅਸੀਂ ਅਨੰਦ ਕਾਰਜ ਪੂਰਨ ਗੁਰਮਤਿ ਦੀ ਮਰਿਆਦਾ ਅਨੁਸਾਰ ਕੀਤੇ ਹਨ।
ਗੁਰਸਿੱਖੀ ਦੇ ਮਾਰਗ ਵਿਚ ਸਿਰ ਦੇ ਕੇਸਾਂ ਦੀਆਂ ਪੱਟੀਆਂ ਬਣਾ ਕੇ ਮਾਂਗ ਵਿਚ ਸੰਧੂਰ ਲਾਉਣਾ, ਚੂੜਾ ਪਾਉਣਾ, ਮਹਿੰਦੀ ਲਾਉਣੀ, ਨੱਥ, ਟਿੱਕਾ, ਕੋਕਾ, ਵਾਲੀਆਂ, ਕਾਂਟੇ, ਛਾਪਾਂ-ਛੱਲੇ ਆਦਿ ਪਹਿਨਣੇ ਵੀ ਬਿਲਕੁਲ ਮਨਮਤਿ ਹਨ।
ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ॥
ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ॥ (ਅੰਗ:558)
ਅਥਵਾ
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ।।
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ॥(ਅੰਗ:133)
ਅਥਵਾ
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ।।
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ।। (ਅੰਗ:134)
ਅਥਵਾ
ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ।। (ਅੰਗ:431)
ਇਹ ਸਵਾਲ ਨਵੇਂ ਜਗਿਆਸੂਆਂ ਦੇ ਮਨ ਵਿਚ ਉੱਠਣਾ ਸੁਭਾਵਿਕ ਹੈ ਕਿ ਗੁਰਮਤਿ ਵਿਚ ਬਾਕੀ ਸੰਸਾਰੀ ਲੋਕਾਂ ਵਾਂਗ ਮਨ-ਪ੍ਰਚਾਵੇ ਲਈ ਹਾਰ-ਸ਼ਿੰਗਾਰ ਕਰਨ ਤੇ ਮਨਮਰਜੀ ਦੇ ਲਿਬਾਸ ਪਾਉਣ ‘ਤੇ ਉਜ਼ਰ ਕਿਉਂ ਹੈ? ਦਰਅਸਲ ਗੁਰਮਤਿ ਦਾ ਮਾਰਗ ਸਹਿਜ ਸਮਾਧੀ ਲਾਉਣ ਦਾ ਨਾਂਅ ਹੈ। ਇਹ ਮਨ ਦੀ ਮਤਿ ਨੂੰ ਤਿਆਗ ਕੇ ਗੁਰੂ ਅੱਗੇ ਸਮਰਪਣ ਦਾ ਰਾਹ ਹੈ। ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਅਭਿਆਸ ਹੈ। ਜੀਵਨ ਨੂੰ ਸੰਸਾਰੀ ਚਲਚਿਤ ਤੇ ਚੰਚਲ ਰੀਤੀਆਂ ਤੋਂ ਉੱਪਰ ਚੁੱਕ ਕੇ ਵਿਗਾਸ ਵੱਲ ਲਿਜਾਣਾ ਹੈ ਤਾਂ ਸੰਸਾਰੀ ਤ੍ਰਿਸ਼ਨਾਵਾਂ ਤੇ ਲਾਲਸਾਵਾਂ ਵੀ ਛੱਡਣੀਆਂ ਜ਼ਰੂਰੀ ਹਨ।
ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸ਼ਨਾ ਮਾਰਿ॥
ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰਧਾਰਿ॥ (ਅੰਗ: 65)
ਗੁਰਸਿੱਖੀ ਦੇ ਮਾਰਗ ਵਿਚ ਕੂੜਾਵੇ ਬਾਹਰੀ ਸ਼ਿੰਗਾਰ ਦੀ ਥਾਂ ਸ਼ੁੱਭ ਗੁਣਾਂ ਰੂਪੀ ਸ਼ਿੰਗਾਰ ਨਾਲ ਆਪਣੇ ਅੰਦਰ ਨੂੰ ਸੰਵਾਰਨ ਦਾ ਸੰਕਲਪ ਹੈ। ਸ਼ੁੱਭ ਗੁਣਾਂ ਰੂਪੀ ਸ਼ਿੰਗਾਰ ਦੇ ਨਾਲ ਜੀਵ ਇਸਤਰੀ ਨੇ ਪਰਮੇਸ਼੍ਵਰ ਪਤੀ ਨੂੰ ਖੁਸ਼ ਕਰਨਾ ਹੈ।
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ॥
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥ (ਅੰਗ: 17)
ਗੁਰੂ ਸਾਹਿਬ ਨੇ ਗੁਰਮਤਿ ਦਾ ਮਾਰਗ ਨਿਰਾਲਾ ਬਣਾਇਆ ਹੈ। ਇਹ ਨਿਰਾਲਾਪਨ ਤਾਂ ਹੀ ਬਰਕਰਾਰ ਰਹੇਗਾ ਜਦੋਂ ਅਸੀਂ ਸੰਸਾਰ ਦੀਆਂ ਰੀਤੀਆਂ ਤੋਂ ਨਿਆਰੇ ਰਹਾਂਗੇ। ਦਸਮ ਪਾਤਸ਼ਾਹ ਦਾ ਵੀ ਹੁਕਮ ਹੈ:
ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਓ ਮੈ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨ ਕਰੋਂ ਇਨ ਕੀ ਪ੍ਰਤੀਤ॥
ਸੰਸਾਰ ਦੀਆਂ ਉਲਟ ਰੀਤੀਆਂ ਤੋਂ ਬਚਣ ਲਈ ਸਾਡੇ ਲਈ ਬਾਵਨ ਅੱਖਰੀ ਦੀ ਸਾਖੀ ਤੋਂ ਵੱਧ ਸਟੀਕ ਹੋਰ ਕੋਈ ਸਿਖਿਆ ਨਹੀਂ ਹੋ ਸਕਦੀ। ਮਾਤਾ ਗੰਗਾ ਜੀ ਦੇ ਮਨ ਵਿਚ ਜਦੋਂ ਅਨਮਤੀ ਬੀਬੀਆਂ ਦੀ ਸੰਗਤ ਤੇ ਪ੍ਰੇਰਨਾ ਕਾਰਨ ਨੌ-ਲੱਖਾ ਹਾਰ ਪਹਿਨਣ ਦੀ ਇੱਛਾ ਪ੍ਰਗਟ ਹੋਈ, ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਕਿਸੇ ਧਨਵਾਨ ਸ਼ਰਧਾਲੂ ਨੇ ਭੇਟਾ ਕੀਤਾ ਸੀ। ਮਾਤਾ ਜੀ ਵਲੋਂ ਇੱਛਾ ਜ਼ਾਹਰ ਕਰਨ ‘ਤੇ ਗੁਰੂ ਸਾਹਿਬ ਮਾਤਾ ਜੀ ਨੂੰ ਮੁਖਾਤਿਬ ਹੋ ਕੇ ਫੁਰਮਾਏ, ‘ਚਾਹੇ ਕਰੋੜਾਂ, ਅਰਬਾਂ ਦੀ ਕੀਮਤ ਦਾ ਹਾਰ ਹੋਵੇ ਉਹ ਕੂੜਾ ਵਿਵਹਾਰ ਹੀ ਹੈ, ਅਸੀਂ ਅੱਜ ਤੁਹਾਡੇ ਲਈ ਉਹ ਹਾਰ ਤਿਆਰ ਕਰਨ ਲੱਗੇ ਹਾਂ ਜਿਸ ਨੂੰ ਹਿਰਦੇ ਅੰਦਰ ਧਾਰ ਕੇ ਤੁਹਾਡਾ ਲੋਕ-ਪ੍ਰਲੋਕ ਅਤੇ ਹਲਤ-ਪਲਤ ਸਭ ਹੀ ਸੰਵਰ ਜਾਏਗਾ।’
ਇਸ ਪ੍ਰਥਾਇ ਪੰਚਮ ਪਾਤਸ਼ਾਹ ਜੀ ਨੇ ਸ੍ਰੀ ਬਾਵਨ ਅਖਰੀ ਦੀ ਬਾਣੀ ਉਚਾਰੀ ਅਤੇ ਐਸੀ ਅੱਖਰ ਬਣਤਰ ਕਲਾ ਵਰਤਾਈ ਕਿ ਜਿਉਂ-ਜਿਉਂ ਸ੍ਰੀ ਬਾਵਨ ਅਖਰੀ ਬਾਣੀ ਉਚਾਰਨ ਕੀਤੀ ਜਾਵੇ ਤਿਉਂ-ਤਿਉਂ ਨਾਲੋ-ਨਾਲ ਹੀ ਮਾਤਾ ਜੀ ਆਪਣੇ ਅੰਤਰ-ਆਤਮੇ ਇਸ ਬਾਣੀ ਦੇ ਤੱਤ-ਭਾਵ ਨੂੰ ਹਿਰਦੇ ਵਿਖੇ ਉਤਾਰੀ ਜਾਣ। ਐਸੀ ਅਚਰਜ ਖੇਡ ਵਰਤੀ ਕਿ ਸਮੱਗਰ ਬਾਣੀ ਸ੍ਰੀ ਬਾਵਨ ਅਖਰੀ ਜੀ ਦੀ ਗੁਰੂ ਸਾਹਿਬ ਜੀ ਦੇ ਮੁੱਖੋਂ ਉਚਾਰਨ ਹੋ ਗਈ ਤੇ ਨਾਲੋ-ਨਾਲ ਹੀ ਮਾਤਾ ਜੀ ਦੇ ਕੰਠਹਾਰ ਹੋ ਕੇ ਧਾਰਨ ਹੋ ਗਈ। ਮਾਤਾ ਗੰਗਾ ਜੀ ਦਾ ਹਿਰਦਾ ਕਮਲ ਅੰਤਰਗਤੀ ਐਸਾ ਜਗਮਗਾ ਉਠਿਆ ਕਿ ਜੜਾਊ ਗਹਿਣੇ ਵਾਲੇ ਨੌ-ਲੱਖੇ ਹਾਰ ਦੇ ਪਹਿਰਨ ਦੀ ਅਕਾਂਖਿਆ ਸਾਰੀ ਹੀ ਬਿਬਰਜਤ ਹੋ ਗਈ। ਇਸ ਤਰ੍ਹਾਂ ਮਾਤਾ ਜੀ ਨੇ ਕੂੜਾਵੇ ਨੌ-ਲੱਖੇ ਹਾਰ ਦਾ ਪਹਿਰਨਾ ਉੱਕਾ ਹੀ ਵਿਸਾਰ ਕੇ ਅਤੇ ਸੱਚਾ ਹਾਰ ਗੁਰਮਤਿ ਨਾਮ ਪ੍ਰੀਤੀ ਗਹਿਣੇ ਦਾ ਉਰ ਧਾਰ ਕੇ ਗੁਰਮਤਿ ਦੇ ਗਾਡੀਰਾਹ ‘ਤੇ ਚੱਲਣ ਵਾਲੇ ਪਾਂਧੀਆਂ ਲਈ ਜੁੱਗਾਂ-ਜੁੱਗਾਂਤਰਾਂ ਤੱਕ ਇਕ ਅਟੱਲ ਪੂਰਨਾ ਪਾ ਦਿੱਤਾ।
ਸਮੇਂ ਦੇ ਨਾਲ ਸਿੱਖ ਸਮਾਜ ਉੱਪਰ ਅਨਮਤੀ ਸਮਾਜ ਨਾਲ ਘੁਲਣ-ਮਿਲਣ ਦਾ ਇਹ ਅਸਰ ਫਲੀਭੂਤ ਹੋਇਆ ਹੈ ਕਿ ਅੱਜ ਜਥਾ ਭਿੰਡਰਾਂ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਅਤੇ ਕੁਝ ਕੁ ਨਿਹੰਗ ਸਿੰਘ ਦਲਾਂ ਤੋਂ ਬਗੈਰ ਸਭ ਅੰਮ੍ਰਿਤਧਾਰੀ ਸਿੱਖ ਬੀਬੀਆਂ ਦੀ ਰਹਿਤ ਪੱਖੋਂ ਬਹੁਤ ਵੱਡੀਆਂ ਢਿੱਲਾਂ ਆ ਗਈਆਂ ਹਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜਥੇ ਦੀਆਂ ਬੀਬੀਆਂ ਵਿਚ ਕੇਸਕੀ ਨੂੰ ਕਕਾਰ ਵਜੋਂ ਦ੍ਰਿੜ੍ਹਤਾ ਨਾਲ ਧਾਰਨ ਕਰਨ ਅਤੇ ਜਥਾ ਭਿੰਡਰਾਂ ਨਾਲ ਸਬੰਧਿਤ ਟਕਸਾਲਾਂ ਵਿਚ ਬੀਬੀਆਂ ਨੂੰ ਸਿਰ ਕੱਜ ਕੇ ਰੱਖਣ ਦੀ ਮਰਿਆਦਾ ਦ੍ਰਿੜ੍ਹ ਕਰਵਾਉਣ ਖ਼ਾਤਰ ਕੇਸਕੀ ਜਾਂ ਛੋਟੇ ਪਟਕੇ ਨਾਲ ਕੇਸਾਂ ਨੂੰ ਸੰਭਾਲ ਕੇ ਰੱਖਣ ਕਾਰਨ ਇਨ੍ਹਾਂ ਬੀਬੀਆਂ ਵਿਚ ਸਾਦਗੀ ਅਜੇ ਵੀ ਬਚੀ ਹੋਈ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਕਸਰ ਕਥਾ ਕਰਦਿਆਂ ਸਿੱਖ ਬੀਬੀਆਂ ਨੂੰ ਸਾਦਗੀ ਤੇ ਗੁਰਸਿੱਖੀ ਪਹਿਰਾਵਾ ਧਾਰਨ ਕਰਨ ਦੀ ਪ੍ਰੇਰਨਾ ਦਿੰਦਿਆਂ ਬਚਨ ਕਰਦੇ ਹੁੰਦੇ ਸਨ ਕਿ ਪੰਚਮ ਪਾਤਸ਼ਾਹ ਦੇ ਮਹਿਲ ਮਾਤਾ ਗੰਗਾ ਜੀ ‘ਸਾਬਤ ਸੂਰਤਿ ਦਸਤਾਰ ਸਿਰਾ’ ਦੀ ਰਹਿਤ ਦੇ ਧਾਰਨੀ ਸਨ।
ਦੂਜੇ ਪਾਸੇ ਅੱਜ ਕਈ ਬੀਬੀਆਂ ਦਸਤਾਰ ਦੀ ਅਜ਼ਮਤ ਦਾ ਅਹਿਸਾਸ ਨਾ ਹੋਣ ਕਾਰਨ ਕਦੇ ਬੜੇ ਵੱਡ-ਆਕਾਰੀ ਤੇ ਸੁੰਦਰ ਦੁਮਾਲੇ ਸਜਾ ਲੈਂਦੀਆਂ ਹਨ ਅਤੇ ਕਦੇ ਅਨਮਤੀ ਬੀਬੀਆਂ ਵਾਂਗ ਸਿਰ ਦੇ ਕੇਸਾਂ ਦੀਆਂ ਮੀਢੀਆਂ-ਪੱਟੀਆਂ ਗੁੰਦ ਲੈਂਦੀਆਂ ਹਨ। ਇਹ ਬਹੁਤ ਵੱਡੀ ਮਨਮਤਿ ਤੇ ਦਸਤਾਰ ਦਾ ਅਪਮਾਨ ਹੈ। ਉਨ੍ਹਾਂ ਸਿੱਖ ਬੀਬੀਆਂ ਨੂੰ ਇਸ ਗੱਲ ਦਾ ਕੀ ਇਲਮ ਕਿ ਪਿਛਲੇ ਦਹਾਕਿਆਂ ਦੌਰਾਨ ਚੱਲੇ ਸਿੱਖ ਸੰਘਰਸ਼ ਦੌਰਾਨ ਕਿੰਨੀਆਂ ਦਸਤਾਰਧਾਰੀ ਬੀਬੀਆਂ ਨੇ ਆਪਣੇ ਸਿਰ ਉੱਪਰ ਦਸਤਾਰ ਸਜਾਈ ਰੱਖਣ ਦੀ ਕੀਮਤ ਅਸਹਿ ਤੇ ਅਕਹਿ ਤਸ਼ੱਦਦ ਝੱਲਦਿਆਂ ਜਾਨਾਂ ਤੱਕ ਕੁਰਬਾਨ ਕਰਕੇ ਤਾਰੀ ਹੈ। ਸੰਘਰਸ਼ ਵਿਚ ਰਹੇ ਲੋਕ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਬਹੁਤ ਸਾਰੇ ਸੰਘਰਸ਼ਸ਼ੀਲ ਪਰਿਵਾਰਾਂ ਦੀਆਂ ਦਸਤਾਰਧਾਰੀ ਬੀਬੀਆਂ ਨੂੰ ਅਕਸਰ ਕਿਹਾ ਜਾਂਦਾ ਸੀ ਕਿ ਤੁਸੀਂ ਦਸਤਾਰ ਲਾਹ ਕੇ ਪਿੱਛੇ ਨੂੰ ਕੇਸ ਗੁੰਦ ਲਵੋ, ਤੁਹਾਨੂੰ ਪੁਲਿਸ ਅਫਸਰਾਂ ਕੋਲ ਪੇਸ਼ ਕਰਵਾ ਕੇ ਬੰਦ-ਖਲਾਸੀ ਕਰਵਾ ਦਿਆਂਗੇ, ਪਰ ਧੰਨ ਸਨ ਉਹ ਗੁਰਸਿੱਖ ਬੀਬੀਆਂ, ਜਿਨ੍ਹਾਂ ਨੇ ਹਰ ਮੁਸੀਬਤ ਤੇ ਕਸ਼ਟ ਝੱਲਿਆ ਪਰ ਦਸਤਾਰਹੀਣ ਹੋਣਾ ਸਵੀਕਾਰ ਨਹੀਂ ਕੀਤਾ ।
ਖ਼ੈਰ! ਇਹ ਵਿਸ਼ਾ ਬੜਾ ਵਸੀਹ ਹੈ। ਵਿਸਥਾਰ ਵਿਚ ਵੀ ਕਦੇ ਚਰਚਾ ਕਰਾਂਗੇ ਪਰ ਤਰਜੀਹੀ ਤੌਰ ‘ਤੇ ਮੁੜ ਉਹੀ ਪੁਰਾਤਨ ਸਿੱਖ ਕਿਰਦਾਰ ਬਹਾਲ ਕਰਨ ਦੀ ਲੋੜ ਹੈ, ਜਿਹੜੇ ਗੁਰੂ ਸਾਹਿਬ ਨੇ ਆਪਣੀ ਨਿਆਰੀ ਪੰਜ-ਕਕਾਰੀ ਰਹਿਤ ਦੇ ਨਾਲ-ਨਾਲ ਗੁਰਬਾਣੀ ਦੇ ਸਦ-ਸਦੀਵੀ ਸ਼ਿੰਗਾਰ ਦੇ ਸੁਮੇਲ ਨਾਲ ਸਾਨੂੰ ਬਖ਼ਸ਼ੇ ਹਨ। ਟਕਸਾਲਾਂ, ਜਥੇਬੰਦੀਆਂ ਵਿਚ ਇਸ ਪੱਖੋਂ ਸੁਚੇਤ ਰੂਪ ਵਿਚ ਸਰਗਰਮ ਯਤਨ ਹੋਣੇ ਚਾਹੀਦੇ ਹਨ ਕਿ ਹਰੇਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਖਾਣ-ਪੀਣ, ਪਹਿਨਣ, ਬੋਲਣ, ਚੱਲਣ, ਵਿਹਾਰਕ ਅਤੇ ਸਦਾਚਾਰਕ ਰੂਪ ਵਿਚ, ਗੁਰਮਤਿ ਕੀ ਹੈ ਤੇ ਮਨਮਤਿ ਕੀ ਹੈ?
ਫੋਨ: 98780-70008.


